VIP ਰੋਡ ''ਤੇ ਰੂਹ ਕੰਬਾਊ ਹਾਦਸਾ : ਆਡੀ ਦੀ ਟੱਕਰ ਨਾਲ ਹਵਾ ''ਚ ਉੱਛਲੀ ਔਰਤ, ਸੜਕ ਦੇ ਦੂਜੇ ਪਾਸੇ ਡਿੱਗੀ
Wednesday, Mar 11, 2026 - 02:23 PM (IST)
ਜ਼ੀਰਕਪੁਰ (ਧੀਮਾਨ) : ਸ਼ਹਿਰ ਦੀ ਸਭ ਤੋਂ ਵਿਅਸਤ ਮੰਨੀ ਜਾਣ ਵਾਲੀ ਵੀ. ਆਈ. ਪੀ. ਰੋਡ ’ਤੇ ਇਕ ਭਿਆਨਕ ਸੜਕ ਹਾਦਸੇ ’ਚ ਵਿਦੇਸ਼ੀ ਮੂਲ ਦੀ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਆਡੀ ਕਾਰ ਨੇ ਸੜਕ ਪਾਰ ਕਰ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ 37 ਸਾਲਾ ਮਾਵਲੂਦਾ ਵਜੋਂ ਹੋਈ ਹੈ, ਜੋ ਤੁਰਕੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮ੍ਰਿਤਕਾ ਦੇ ਦੋਸਤ ਅਭਿਸ਼ੇਕ ਨੇ ਦੱਸਿਆ ਕਿ ਮਾਵਲੂਦਾ ਹਸਪਤਾਲ ’ਚ ਦਾਖ਼ਲ ਇਕ ਜਾਣ-ਪਛਾਣ ਵਾਲੇ ਨੂੰ ਮਿਲਣ ਆਈ ਹੋਈ ਸੀ।
ਰਾਤ ਕਰੀਬ 12 ਵਜੇ ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਅਤੇ ਪੈਦਲ ਸੜਕ ਪਾਰ ਕਰ ਰਹੇ ਸਨ ਤਾਂ ਤੇਜ਼ ਰਫ਼ਤਾਰ ਆਡੀ ਕਾਰ ਨੇ ਮਾਵਲੂਦਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਾਵਲੂਦਾ ਹਵਾ ’ਚ ਉੱਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਸਿਰ ’ਤੇ ਗੰਭੀਰ ਸੱਟ ਲੱਗਣ ਅਤੇ ਬਹੁਤ ਜ਼ਿਆਦਾ ਖ਼ੂਨ ਵਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਹਨ੍ਹੇਰੇ ਦਾ ਫ਼ਾਇਦਾ ਚੁੱਕਦਿਆਂ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਤੁਰਕੀ ਦੀ ਮੂਲ ਨਿਵਾਸੀ ਸੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਪੁਲਸ ਮੁਤਾਬਕ ਮਾਵਲੂਦਾ ਦੀ ਭੈਣ ਭਾਰਤ ਲਈ ਰਵਾਨਾ ਹੋ ਚੁੱਕੀ ਹੈ ਅਤੇ ਉਸ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਵੱਲੋਂ ਹਾਦਸਾ ਕਰਨ ਵਾਲੀ ਕਾਰ ਤੇ ਉਸ ਦੇ ਚਾਲਕ ਦੀ ਪਛਾਣ ਕਰਨ ਲਈ ਜਾਂਚ ਜਾਰੀ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
