ਭਰਤੀ ਨੂੰ ਲੈ ਕੇ ਉਮੀਦਵਾਰ ਨੇ ਕੀਤਾ ਵਿਰੋਧ ! ਕਿਹਾ- ''ਮੈਰਿਟ ਦੇ ਅਧਾਰ ''ਤੇ ਨਹੀਂ ਹੋਈ ਚੋਣ''

Tuesday, Nov 04, 2025 - 04:57 PM (IST)

ਭਰਤੀ ਨੂੰ ਲੈ ਕੇ ਉਮੀਦਵਾਰ ਨੇ ਕੀਤਾ ਵਿਰੋਧ ! ਕਿਹਾ- ''ਮੈਰਿਟ ਦੇ ਅਧਾਰ ''ਤੇ ਨਹੀਂ ਹੋਈ ਚੋਣ''

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ ਵਿਖੇ ਅੱਜ “ਦੀਵਾਨਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ” ਵਿੱਚ ਸੇਲਜਮੈਨ ਦੀ ਭਰਤੀ ਨੂੰ ਲੈ ਕੇ ਉਮੀਦਵਾਰ ਅਮਨਦੀਪ ਕੌਰ ਪਤਨੀ ਮਨਿੰਦਰ ਸਿੰਘ ਵਾਸੀ ਦੀਵਾਨਾ ਅਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਰੋਸ ਜਤਾਇਆ ਗਿਆ। ਇਸ ਮੌਕੇ ਅਮਨਦੀਪ ਕੌਰ ਨੇ ਦੱਸਿਆ ਕਿ ਅਖ਼ਬਾਰ ਵਿਚ ਆਏ ਇਸਤਿਹਾਰ ਅਨੁਸਾਰ ਉਸਨੇ ਸੇਲਜਮੈਨ ਦੀ ਪੋਸਟ ਲਈ ਅਪਲਾਈ ਕੀਤਾ ਸੀ ਅਤੇ ਉਸਦੇ 73.5 ਪ੍ਰਤੀਸ਼ਤ ਮੈਰਿਟ ਅੰਕ ਸਨ, ਪਰ ਭਰਤੀ ਦੌਰਾਨ ਘੱਟ ਮੈਰਿਟ ਵਾਲੇ ਉਮੀਦਵਾਰ ਦੀ ਚੋਣ ਕਰਕੇ ਉਸਦਾ ਹੱਕ ਮਾਰਿਆ ਗਿਆ ਹੈ। 

ਉਸ ਨੇ ਕਿਹਾ ਕਿ ਇਸ ਸਬੰਧੀ ਉਸ ਵੱਲੋਂ ਡਿਸਟ੍ਰਿਕਟ ਰਜਿਸਟ੍ਰਾਰ (ਏਆਰਓ) ਬਰਨਾਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਅਤੇ ਮੰਗ ਕੀਤੀ ਕਿ ਚੋਣ ਨਿਰਪੱਖ ਤਰੀਕੇ ਨਾਲ ਮੈਰਿਟ ਅਧਾਰ ਤੇ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਕਮੇਟੀ ਮੈਂਬਰ ਸੁਖਦੇਵ ਸਿੰਘ, ਆਤਮਾ ਸਿੰਘ, ਹਰਜਿੰਦਰ ਸਿੰਘ, ਨਿੰਦਰ ਕੌਰ, ਜਸਪਾਲ ਸਿੰਘ (ਕਿਸਾਨ ਆਗੂ), ਸੁਰਿੰਦਰ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਨਾਜਰ ਸਿੰਘ, ਨਿਰਮਲ ਸਿੰਘ ਤੇ ਜਸਵੰਤ ਸਿੰਘ ਸਮੇਤ ਹੋਰਾਂ ਨੇ ਵੀ ਏਆਰਓ ਬਰਨਾਲਾ ਪਾਸੋਂ ਮੰਗ ਕੀਤੀ ਕਿ ਸੇਲਜਮੈਨ ਦੀ ਪੋਸਟ ਲਈ ਯੋਗਤਾ ਤੇ ਮੈਰਿਟ ਦੇ ਅਧਾਰ ’ਤੇ ਅਮਨਦੀਪ ਕੌਰ ਦੀ ਚੋਣ ਕੀਤੀ ਜਾਵੇ।

ਉਧਰ ਏਆਰਓ ਬਰਨਾਲਾ ਗੁਰਮੁੱਖ ਸਿੰਘ ਤਪਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਅੱਜ ਦੀਵਾਨਾ ਵਿਖੇ ਸਹਿਕਾਰੀ ਸਭਾ ਲਈ ਸੇਲਜਮੈਨ ਦੀ ਭਰਤੀ ਪ੍ਰਕਿਰਿਆ ਹੋ ਰਹੀ ਸੀ, ਪਰ ਇੱਕ ਧਿਰ ਵੱਲੋਂ ਇਸ ’ਤੇ ਅਸਹਿਮਤੀ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਸਬੰਧੀ ਇੰਸਪੈਕਟਰ ਤੋਂ ਰਿਪੋਰਟ ਮੰਗਵਾਈ ਜਾ ਰਹੀ ਹੈ ਅਤੇ ਚੋਣ ਨਿਰੋਲ ਮੈਰਿਟ ਦੇ ਅਧਾਰ ’ਤੇ ਹੀ ਕੀਤੀ ਜਾਵੇਗੀ, ਕਿਸੇ ਨਾਲ ਕੋਈ ਧੱਕੇਸਾਹੀ ਨਹੀਂ ਹੋਵੇਗੀ। 

ਇਸ ਮਾਮਲੇ ’ਚ ਜਦੋਂ ਇੰਸਪੈਕਟਰ ਤਲਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਾਰ ਵਾਰ ਕੀਤੇ ਜਾਣ ਦੇ ਬਾਵਜੂਦ ਫੋਨ ਨਹੀਂ ਚੁੱਕਿਆ। ਉਧਰ ਸਹਿਕਾਰੀ ਸਭਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਕਾਨੂੰਨ ਅਨੁਸਾਰ ਸਟੇਟ ਪੱਧਰ ਦੀ ਵਿੱਦਿਆ ਯੋਗਤਾ ਦੇ ਅਧਾਰ ਤੇ ਸੇਲਜਮੈਨ ਦੀ ਭਰਤੀ ਪੂਰੇ ਮੈਰਿਟ ਦੇ ਅਧਾਰ ਤੇ ਪਾਰਦਰਸ਼ੀ ਢੰਗ ਨਾਲ  ਕੀਤੀ ਗਈ ਹੈ।


author

Anmol Tagra

Content Editor

Related News