ਫ਼ਸਲ ਵੇਖਣ ਜਾ ਰਹੇ ਬਜ਼ੁਰਗ ਨੂੰ ਟਰੱਕ ਨੇ ਦਰੜਿਆ! ਹੋਈ ਦਰਦਨਾਕ ਮੌਤ
Tuesday, Oct 28, 2025 - 01:30 PM (IST)
ਤਪਾ ਮੰਡੀ (ਸ਼ਾਮ,ਗਰਗ)- ਅੱਜ ਸਵੇਰੇ 10 ਵਜੇ ਦੇ ਕਰੀਬ ਪੁਰਾਣੇ ਵੇਅਰਹਾਊਸ ਕੋਲ ਚੌਲਾਂ ਦੇ ਭਰੇ ਟਰੱਕ ਨੇ ਅੱਗੇ ਜਾ ਰਹੇ ਮੋਟਰਸਾਇਕਲ ਸਵਾਰ ਨੂੰ ਆਪਣੀ ਲਪੇਟ ‘ਚ ਲੈ ਕੇ ਦਰੜ ਦਿੱਤਾ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟਹਿਲਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਖੱਟਰਪੱਤੀ ਹਾਲ ਆਬਾਦ ਦਰਾਜ ਫਾਟਕ ਆਪਣੀ ਝੋਨੇ ਦੀ ਫਸਲ ਦੇਖਣ ਲਈ ਜਾ ਰਿਹਾ ਸੀ ਤਾਂ ਪੁਰਾਣੇ ਵੇਅਰਹਾਊਸ ਕੋਲ ਪਿੱਛੋਂ ਆ ਰਹੇ ਚੌਲਾਂ ਦੇ ਭਰੇ ਟਰੱਕ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਕੇ ਦਰੜ ਦਿੱਤਾ। ਇਸ ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ‘ਚ ਇਰਦ-ਗਿਰਦ ਲੋਕਾਂ ਦਾ ਇਕੱਠ ਹੋ ਗਿਆ ਅਤੇ ਪਰਿਵਾਰਿਕ ਮੈਂਬਰ ਵੀ ਪਹੁੰਚ ਗਏ।
ਇਹ ਖ਼ਬਰ ਵੀ ਪੜ੍ਹੋ - Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਪਤਾ ਲੱਗਾ ਹੈ ਹਾਦਸਾਗ੍ਰਸਤ ਟਰੱਕ ਟਰੱਕ ਯੂਨੀਅਨ ਭਦੋੜ ਦਾ ਸੀ, ਜੋ ਚੌਲਾਂ ਦਾ ਭਰਿਆ ਹੋਇਆ ਸੀ ਅਤੇ ਰੇਲ ਹੈੱਡ ‘ਤੇ ਲੱਗੀ ਸਪੈਸ਼ਲ ‘ਚ ਪਾਉਣ ਲਈ ਜਾ ਰਿਹਾ ਸੀ। ਹਾਦਸੇ ਮਗਰੋਂ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸਰੀਫ ਖਾਂ ਦੀ ਅਗਵਾਈ ‘ਚ ਚੌਂਕੀ ਇੰਚਾਰਜ ਕਰਮਜੀਤ ਸਿੰਘ, ਥਾਣੇਦਾਰ ਹਰਵਿੰਦਰ ਪਾਲ ਸਿੰਘ, ਥਾਣੇਦਾਰ ਸਤਿਗੁਰ ਨੇ ਘਟਨਾ ਥਾਂ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਰਾਹੀਂ ਮੁਰਦਾਘਰ ਬਰਨਾਲਾ ਭੇਜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਮ੍ਰਿਤਕ ਟਹਿਲਾ ਸਿੰਘ ਦੇ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਚੌਲਾਂ ਦੇ ਭਰੇ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਵਿਆਹੁਤਾ ਪੁੱਤਰ ਅਤੇ ਧੀਆਂ ਨੂੰ ਛੱਡ ਗਿਆ ਹੈ। ਇਸ ਹਾਦਸੇ ‘ਚ ਮੋਟਰਸਾਇਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਲਗਭਗ 1 ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਮੌਕੇ ਹਾਜ਼ਰ ਲੋਕਾਂ ਨੇ ਪੀ.ਡਬਲਯੂ.ਡੀ. ਵਿਭਾਗ ਖਿਲਾਫ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਜਿਸ ਜਗ੍ਹਾ 'ਤੇ ਹਾਦਸਾ ਵਾਪਰਿਆ ਹੈ, ਸੜਕ ਦੀ ਹਾਲਤ ਖਸਤਾ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਹਾਲਤ ‘ਚ ਸੁਧਾਰ ਕੀਤਾ ਜਾਵੇ ਨਹੀਂ ਤਾਂ ਇਕ ਦਿਨ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੀ.ਡਬਲਯੂਡੀ ਵਿਭਾਗ ਦੀ ਹੋਵੇਗੀ।
