ਪਰਾਲੀ ਸਾੜਨ ’ਤੇ ਸਖ਼ਤ ਰੋਕ! ਪਿੰਡ ਮੂੰਮ ਵਿਖੇ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਨੂੰ ਦਿੱਤੀਆਂ ਸਲਾਹਾਂ
Saturday, Oct 25, 2025 - 02:48 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਸੁਰੱਖਿਆ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਝੋਨੇ ਦੀ ਪਰਾਲੀ ਸਾੜਨ ’ਤੇ ਸਖ਼ਤ ਰੋਕ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੇਨਿਥ ਨੇ ਅੱਜ ਪਿੰਡ ਮੂੰਮ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਸਾੜਨ ਤੋਂ ਬਚਣ ਦੀ ਅਪੀਲ ਕੀਤੀ। ਡੀ.ਸੀ. ਟੀ. ਬੇਨਿਥ ਨੇ ਕੈਂਪ ਦੌਰਾਨ ਕਿਹਾ ਕਿ ਜ਼ਿਲ੍ਹੇ ਭਰ ਵਿਚ 85 ਬੇਲਰ ਮਸ਼ੀਨਰੀਆਂ ਰਾਹੀਂ ਖੇਤਾਂ ਤੋਂ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ, ਜਦਕਿ ਇਕੱਠੀ ਕੀਤੀ ਗਈ ਪਰਾਲੀ ਨੂੰ 14 ਨਿਰਧਾਰਤ ਡੰਪ ਸਾਈਟਾਂ ’ਤੇ ਸੁਰੱਖਿਅਤ ਢੰਗ ਨਾਲ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਮਸ਼ੀਨਰੀ ਜਾਂ ਪਰਾਲੀ ਪ੍ਰਬੰਧਨ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕੰਟਰੋਲ ਰੂਮ ਨੰਬਰ 01679-233031 ’ਤੇ ਜਾਂ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।ਡੀਸੀ ਨੇ ਸਪੱਸ਼ਟ ਕੀਤਾ ਕਿ ਸੁਪਰ ਐਸਐਮਐੱਸ ਤੋਂ ਬਿਨਾਂ ਕੋਈ ਵੀ ਕੰਬਾਈਨ ਹਾਰਵੈਸਟਰ ਚਲਾਉਣਾ ਮਨਾਹੀ ਹੈ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਾਢੀ ’ਤੇ ਪਾਬੰਦੀ ਲਗਾਈ ਗਈ ਹੈ। ਡੀਸੀ ਬੇਨਿਥ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਰਕਾਰ ਦਾ ਮਕਸਦ ਕਿਸਾਨਾਂ ਨਾਲ ਸਹਿਯੋਗੀ ਰੁਖ ਅਪਣਾ ਕੇ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਜ਼ਾ ਨਹੀਂ, ਸਹਿਯੋਗ ਦੇ ਰਾਹ ’ਤੇ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਡੀ.ਐੱਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਟੱਲੇਵਾਲ ਦੇ ਮੁਖੀ ਇੰਸਪੈਕਟਰ ਨਿਰਮਲਜੀਤ ਸਿੰਘ ਵੀ ਹਾਜ਼ਰ ਸਨ। ਦੋਵਾਂ ਅਧਿਕਾਰੀਆਂ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਕੋਈ ਪਰਾਲੀ ਸਾੜਦਾ ਪਾਇਆ ਗਿਆ ਤਾਂ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਪਿੰਡ ਮੂੰਮ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਪਰਾਲੀ ਨਾ ਸਾੜਨ ਦਾ ਐਲਾਨ ਕੀਤਾ।
ਕਿਸਾਨਾਂ ਨੇ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਲਈ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਲੈਣਗੇ ਅਤੇ ਪਿੰਡ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਵਿੱਚ ਭਾਗੀਦਾਰ ਬਣਨਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਬਲਜੀਤ ਸਿੰਘ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਡੀਸੀ ਬਰਨਾਲਾ ਟੀ. ਬੇਨਿਥ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ ਅਤੇ ਲੋਈ ਪਾ ਕੇ ਸਨਮਾਨਿਤ ਕੀਤਾ ਗਿਆ। ਡੀ.ਸੀ. ਨੇ ਸਕੂਲ ਦੀ ਬਿਲਡਿੰਗ ਦਾ ਦੌਰਾ ਕਰਕੇ ਲਾਇਬਰੇਰੀ ਅਤੇ ਹੋਰ ਵਿਭਾਗਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਿਹਨਤ ਰਾਹੀਂ ਆਈਏਐਸ ਅਤੇ ਹੋਰ ਉੱਚ ਅਹੁਦਿਆਂ ’ਤੇ ਪਹੁੰਚ ਸਕਦੇ ਹਨ। ਇਸ ਮੌਕੇ ਪਟਵਾਰੀ ਮਹਿਲ ਸਿੰਘ, ਖੇਤੀਬਾੜੀ ਵਿਭਾਗ ਤੋਂ ਵਿਸਥਾਰ ਅਧਿਕਾਰੀ ਚਰਨ ਰਾਮ, ਹਰਪਾਲ ਸਿੰਘ ਰਕਬਾ, ਹਰਮਨਦੀਪ ਸਿੰਘ, ਬਲਾਕ ਬਰਨਾਲਾ ਤੇ ਖੇਤੀਬਾੜੀ ਅਫਸਰ ਧਰਮਵੀਰ ਕੰਬੋਜ, ਨੰਬਰਦਾਰ ਕੁਲਵੰਤ ਸਿੰਘ, ਨੰਬਰਦਾਰ ਨਿਰਮਲ ਸਿੰਘ, ਨੰਬਰਦਾਰ ਬੇਅੰਤ ਸਿੰਘ, ਸਰਪੰਚ ਲਖਬੀਰ ਸਿੰਘ,ਪੰਚ ਜਗਦੇਵ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਬਲਵੀਰ ਸਿੰਘ, ਪੰਚ ਕਰਮਜੀਤ ਸਿੰਘ, ਸਮਾਜ ਸੇਵੀ ਸੁਖਪਾਲ ਸਿੰਘ ਸੇਖੋ ਅਤੇ ਕਿਸਾਨ ਮਹਿੰਦਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
