ਡਾਕਟਰ ਤੇ ਸਟਾਫ ਬਿਨਾਂ ਚਿੱਟਾ ਹਾਥੀ ਬਣਿਆ ਪਿੰਡ ਕੁਤਬਾ ਦਾ ਸਿਹਤ ਕੇਂਦਰ
Thursday, Oct 23, 2025 - 03:05 PM (IST)

ਮਹਿਲ ਕਲਾਂ (ਹਮੀਦੀ): ਹਲਕਾ ਮਹਿਲ ਕਲਾਂ ਦੇ ਪਿੰਡ ਕੁਤਬਾ ਦਾ ਸਿਹਤ ਕੇਂਦਰ ਇਸ ਸਮੇਂ ਡਾਕਟਰ ਅਤੇ ਸਟਾਫ ਬਿਨਾਂ ਚਿੱਟਾ ਹਾਥੀ ਬਣ ਚੁੱਕਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਸਰਕਾਰੀ ਸਿਹਤ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝੇ ਰਹਿਣਾ ਪੈ ਰਿਹਾ ਹੈ। ਪਿੰਡ ਕੁਤਬਾ ਦੀ ਹੱਦ ਜ਼ਿਲ੍ਹਾ ਬਰਨਾਲਾ ਦੇ ਆਖ਼ਰੀ ਛੋਰ ’ਤੇ ਆਉਂਦੀ ਹੈ, ਪਰ ਸਰਕਾਰਾਂ ਦੀ ਸਵੱਲੀ ਨਜ਼ਰ ਇਸ ਪਿੰਡ ਵੱਲ ਕਦੇ ਨਹੀਂ ਪਈ। ਪਿੰਡ ਵਿਚ ਸਬਸਿਡਰੀ ਹੈਲਥ ਸੈਂਟਰ ਹੈ, ਜਿਸ ਵਿਚ ਇਕ ਐੱਮ.ਬੀ.ਬੀ.ਐੱਸ. ਡਾਕਟਰ, ਇਕ ਫਾਰਮਾਸਿਸਟ ਅਤੇ ਇਕ ਦਰਜਾ ਚਾਰ ਕਰਮਚਾਰੀ ਦੀਆਂ ਆਸਾਮੀਆਂ ਮੰਜ਼ੂਰਸ਼ੁਦਾ ਹਨ। ਪਰ ਡਾਕਟਰ ਤੇ ਫਾਰਮਾਸਿਸਟ ਦੀਆਂ ਦੋਵੇਂ ਆਸਾਮੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਹਨ, ਜਦਕਿ ਦਰਜਾ ਚਾਰ ਕਰਮਚਾਰੀ ਸੇਵਾਮੁਕਤ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...
ਨਤੀਜੇ ਵਜੋਂ ਪਿੰਡ ਵਾਸੀਆਂ ਨੂੰ ਆਪਣੀਆਂ ਮੁੱਢਲੀਆਂ ਸਿਹਤ ਜ਼ਰੂਰਤਾਂ ਲਈ ਪ੍ਰਾਈਵੇਟ ਡਾਕਟਰਾਂ ਤੇ ਕਲੀਨਿਕਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਬੋਝ ਝੱਲਣਾ ਪੈਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਦੀਆਂ ਯੋਜਨਾਵਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ, ਤਾਂ ਆਮ ਲੋਕਾਂ ਦਾ ਵਿਸ਼ਵਾਸ ਪ੍ਰਣਾਲੀ 'ਤੇ ਟੁੱਟਦਾ ਹੈ। ਪਿੰਡ ਕੁਤਬਾ ਤੋਂ ਮਹਿਲ ਕਲਾਂ ਦਾ ਸੀ.ਐੱਚ.ਸੀ. ਹਸਪਤਾਲ ਲਗਭਗ 11 ਕਿਲੋਮੀਟਰ ਦੂਰ ਹੈ, ਜੋ ਖੁਦ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ। ਉੱਪਰੋਂ, ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਆਮ ਆਦਮੀ ਕਲੀਨਿਕ’ ਦੇ ਪ੍ਰਾਜੈਕਟ ਵਿਚ ਵੀ ਇਸ ਸਿਹਤ ਕੇਂਦਰ ਨੂੰ ਦਰਕਿਨਾਰ ਕਰ ਦਿੱਤਾ ਗਿਆ। ਪਿੰਡ ਦੇ ਸਾਬਕਾ ਚੇਅਰਮੈਨ ਜੱਥੇਦਾਰ ਅਜੀਤ ਸਿੰਘ ਕੁਤਬਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਸਮੇਤ ਹਰ ਜ਼ਰੂਰੀ ਸੇਵਾ ਤੋਂ ਭੱਜ ਰਹੀ ਹੈ। ਪਿੰਡ ਕੁਤਬਾ ਦੇ ਸਿਹਤ ਕੇਂਦਰ ਵਿਚ ਡਾਕਟਰ ਤੇ ਫਾਰਮਾਸਿਸਟ ਦੀਆਂ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।