ਪਿੰਡ ਕੁਰੜ ''ਚ ਵਾਪਰੀ ਦੁੱਖਦਾਈ ਘਟਨਾ, ਪਰਿਵਾਰ ਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ

Sunday, Oct 26, 2025 - 09:33 PM (IST)

ਪਿੰਡ ਕੁਰੜ ''ਚ ਵਾਪਰੀ ਦੁੱਖਦਾਈ ਘਟਨਾ, ਪਰਿਵਾਰ ਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ

ਮਹਿਲ ਕਲਾਂ (ਹਮੀਦੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਕੁਰੜ ਵਿਖੇ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਦੋ ਸਾਲਾ ਬੱਚੀ ਵੱਲੋਂ ਭੁਲੇਖੇ ਨਾਲ ਮਿਆਦ ਪੁੱਗੀ ਦਵਾਈ ਖਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਨੂਰਪ੍ਰੀਤ (ਉਮਰ 2 ਸਾਲ), ਪੁੱਤਰੀ ਜਸਪਾਲ ਸਿੰਘ, ਵਾਸੀ ਪਿੰਡ ਕੁਰੜ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚੀ ਨੇ ਘਰ ਵਿੱਚ ਪਈ ਮਿਆਦ ਲੰਘੀ ਵਾਲੀ ਦਵਾਈ ਭੁਲੇਖੇ ਨਾਲ ਖਾ ਲਈ, ਜਿਸ ਨਾਲ ਉਸ ਦੀ ਤਬੀਅਤ ਵਿਗੜ ਗਈ ਤੇ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਨਾ ਕਿਹਾ ਕਿ ਇਸ ਘਟਨਾ ਸਬੰਧੀ ਮ੍ਰਿਤਕ ਬੱਚੀ ਦੇ ਨਾਨਾ ਨਿਰਭੈ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਕੁੰਬੜਵਾਲ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 194(ਬੀ) ਐਨ ਐਸਐਸ ਅਧੀਨ ਥਾਣਾ ਠੁੱਲੀਵਾਲ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਤੇ ਪਿੰਡ ਕੁਰੜ ਦੇ ਸਰਪੰਚ ਸੁਖਵਿੰਦਰ ਦਾਸ ਬਾਵਾ ਅਤੇ ਪੰਚ ਦਿਲਜੋਤ ਸਿੰਘ ਕੁਰੜ ਨੇ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਪਰਿਵਾਰ ਨੂੰ ਇਸ ਅਸਹਿਣੀ ਘੜੀ ਵਿੱਚ ਹਿੰਮਤ ਰੱਖਣ ਦੀ ਅਪੀਲ ਕੀਤੀ।


author

Hardeep Kumar

Content Editor

Related News