ਲੁਧਿਆਣਾ-ਬਰਨਾਲਾ ਮੁੱਖ ਮਾਰਗ ''ਤੇ ਭਿਆਨਕ ਹਾਦਸਾ! ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Monday, Oct 27, 2025 - 06:18 PM (IST)
ਮਹਿਲ ਕਲਾਂ (ਹਮੀਦੀ)– ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਸਿੱਧੂ ਢਾਬੇ ਦੇ ਨੇੜੇ ਬੀਤੀ ਰਾਤ ਇਕ ਦੁੱਖਦਾਈ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਮਜ਼ਦੂਰ ਦੀ ਮੌਤ ਹੋ ਗਈ। ਹਾਦਸਾ ਅੱਗੋਂ ਆ ਰਹੇ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਪੈਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਕਾਰਨ ਵਾਪਰਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਤੇ ਪਿੰਡ ਕੁਰੜ ਦੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਹ ਸਮੇਤ ਪੰਚਾਇਤ ਮੈਂਬਰਾਂ ਨਾਲ ਮੌਕੇ ’ਤੇ ਪਹੁੰਚੇ। ਮੋਟਰਸਾਈਕਲ ਦੇ ਕਾਗਜ਼ਾਂ ਦੀ ਜਾਂਚ ਕਰਨ ’ਤੇ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ (ਉਮਰ ਲਗਭਗ 35 ਸਾਲ), ਪੁੱਤਰ ਭੋਲਾ ਸਿੰਘ, ਵਾਸੀ ਕੁਰੜ ਵਜੋਂ ਹੋਈ। ਸੁਖਵਿੰਦਰ ਦਾਸ ਬਾਵਾ ਨੇ ਦੱਸਿਆ ਕਿ ਜਸਪਾਲ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਪਿੰਡ ਸੰਘੇੜਾ ਵਿਖੇ ਕੰਬਾਈਨ ’ਤੇ ਕੰਮ ਕਰਨ ਗਿਆ ਹੋਇਆ ਸੀ। ਰਾਤ ਨੂੰ ਦਿਹਾੜੀ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਕੁਰੜ ਵੱਲ ਆ ਰਿਹਾ ਸੀ, ਤਾਂ ਸਿੱਧੂ ਢਾਬੇ ਦੇ ਨੇੜੇ ਅੱਗੋਂ ਆ ਰਹੀ ਵਾਹਨ ਦੀਆਂ ਤੇਜ਼ ਲਾਈਟਾਂ ਅੱਖਾਂ ਵਿੱਚ ਪੈਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਜਸਪਾਲ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਤੇ ਤਿੰਨ ਭੈਣਾਂ ਦਾ ਭਰਾ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਅਤੇ ਦੋ ਛੋਟੇ ਬੱਚਿਆਂ ਨੂੰ ਰੋਂਦਿਆਂ ਕੁਰਲਾਦਿਆਂ ਛੱਡ ਗਿਆ। ਉਸ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਸਬੰਧੀ ਜਾਣਕਾਰੀ ਮਿਲਣ ਉਪਰੰਤ ਥਾਣਾ ਠੁੱਲੀਵਾਲ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ। ਏ.ਐਸ.ਆਈ. ਮਨਜਿੰਦਰ ਸਿੰਘ ਸੇਰਪੁਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭੋਲਾ ਸਿੰਘ ਵਾਸੀ ਕੁਰੜ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 194(ਬੀ) ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
