ਪਿੰਡ ਛੀਨੀਵਾਲ ਕਲਾਂ ਵਿਖੇ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ‘ਤੇ ਲੁੱਟ!

Monday, Oct 27, 2025 - 03:24 PM (IST)

ਪਿੰਡ ਛੀਨੀਵਾਲ ਕਲਾਂ ਵਿਖੇ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ‘ਤੇ ਲੁੱਟ!

ਮਹਿਲ ਕਲਾਂ (ਹਮੀਦੀ)– ਚੰਨਣਵਾਲ ਰੋਡ ‘ਤੇ ਸਥਿਤ ਪਿੰਡ ਛੀਨੀਵਾਲ ਕਲਾਂ ਵਿਖੇ ਇੱਕ ਸ਼ਰਾਬ ਦੇ ਠੇਕੇ ਉੱਪਰ ਦਿਨ ਦਿਹਾੜੇ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟਖੋਹ ਦੀ ਘਟਨਾ ਵਾਪਰਨ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਠੇਕੇ ‘ਤੇ ਤੈਨਾਤ ਕਰਿੰਦੇ ਉਮੇਸ਼ ਚੌਧਰੀ (ਨਿਵਾਸੀ ਬਿਹਾਰ) ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਠੇਕੇ ‘ਤੇ ਡਿਊਟੀ ‘ਤੇ ਸੀ। ਉਸ ਨੇ ਕਿਹਾ ਕਿ ਜਦੋਂ ਉਹ ਕੁਝ ਸਮੇਂ ਲਈ ਬਾਥਰੂਮ ਗਿਆ ਹੋਇਆ ਸੀ, ਉਸੇ ਵੇਲੇ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਬੰਨ ਰੱਖੇ ਸਨ, ਠੇਕੇ ਦਾ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਏ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ

ਉਨ੍ਹਾਂ ਨੇ ਠੇਕੇ ਅੰਦਰੋਂ ਦੋ ਪੇਟੀਆਂ ਦੇਸੀ ਸ਼ਰਾਬ, ਗੱਲੇ ਵਿਚੋਂ 8 ਹਜ਼ਾਰ ਰੁਪਏ ਨਕਦ, ਅਤੇ 12 ਹਜ਼ਾਰ ਦੀ ਕੀਮਤ ਦਾ ਮੋਬਾਇਲ ਫੋਨ ਚੋਰੀ ਕਰ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਠੇਕੇ ਦਾ ਸਮਾਨ ਖੁੱਲ੍ਹਾ ਪਾਇਆ ਅਤੇ ਤੁਰੰਤ ਠੇਕਾ ਮਾਲਕਾਂ ਅਤੇ ਸਰਕਲ ਇੰਚਾਰਜਾਂ ਨੂੰ ਇਸ ਬਾਰੇ ਜਾਣੂ ਕਰਵਾਇਆ। ਉਸ ਨੇ ਕਿਹਾ ਕਿ ਘਟਨਾ ਦਿਨ ਦੇ ਸਮੇਂ ‘ਚ ਹੋਈ ਹੈ, ਜਦੋਂ ਠੇਕੇ ‘ਤੇ ਆਮ ਗਾਹਕਾਂ ਦੀ ਆਵਾਜਾਈ ਹੁੰਦੀ ਹੈ। ਇਸ ਮਾਮਲੇ ਬਾਰੇ ਠੇਕੇ ਦੇ ਸਰਕਲ ਇੰਚਾਰਜ ਭੁਪਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਘਟਨਾ ਦੀ ਜਾਣਕਾਰੀ ਥਾਣਾ ਮਹਿਲ ਕਲਾਂ ਪੁਲਸ ਨੂੰ ਦਿੱਤੀ ਗਈ ਹੈ। ਜਾਣਕਾਰੀ ਮਿਲਦੇ ਹੀ ਥਾਣਾ ਮਹਿਲ ਕਲਾਂ ਦੇ ਮੁਖੀ ਐੱਸ.ਆਈ. ਸਰਬਜੀਤ ਸਿੰਘ ਰੰਗੀਆਂ ਆਪਣੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉੱਧਰ, ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।


author

Anmol Tagra

Content Editor

Related News