ਪਿੰਡ ਚੰਨਣਵਾਲ ਦੀ ਮਿਸਾਲੀ ਪਹਿਲ: 13 ਏਕੜ ’ਚ ਬਣਿਆ ਡੰਪ, ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਕੀਤਾ ਐਲਾਨ

Friday, Oct 24, 2025 - 01:41 PM (IST)

ਪਿੰਡ ਚੰਨਣਵਾਲ ਦੀ ਮਿਸਾਲੀ ਪਹਿਲ: 13 ਏਕੜ ’ਚ ਬਣਿਆ ਡੰਪ, ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਕੀਤਾ ਐਲਾਨ

ਮਹਿਲ ਕਲਾਂ (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦਾ ਪਿੰਡ ਚੰਨਣਵਾਲ ਵਿਖੇ ਵਾਤਾਵਰਣ ਸੁਰੱਖਿਆ ਅਤੇ ਖੇਤੀਬਾੜੀ ਸੁਧਾਰ ਦੇ ਖੇਤਰ ਵਿਚ ਪ੍ਰੇਰਣਾਦਾਇਕ ਮਿਸਾਲ ਬਣ ਗਿਆ ਹੈ। ਗ੍ਰਾਮ ਪੰਚਾਇਤ ਵੱਲੋਂ ਸਰਪੰਚ ਕੁਲਵਿੰਦਰ ਕੌਰ ਧਾਲੀਵਾਲ ਅਤੇ ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ ਸਹਿਯੋਗ ਨਾਲ ਗਹਿਲ ਰੋਡ ’ਤੇ ਪਿੰਡ ਚੰਨਣਵਾਲ ਦੀ ਹੱਦ ਵਿਚ ਸਥਿਤ 13 ਏਕੜ ਪੰਚਾਇਤੀ ਜ਼ਮੀਨ ਵਿਚ ਪਰਾਲੀ ਦੀ ਸਾਂਭ-ਸੰਭਾਲ ਲਈ ਵਿਸ਼ਾਲ ਡੰਪ ਸਾਈਟ ਤਿਆਰ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਵੇਖੋ LIST

ਸਰਪੰਚ ਕੁਲਵਿੰਦਰ ਕੌਰ ਧਾਲੀਵਾਲ, ਨੰਬਰਦਾਰ ਤੇ ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ, ਬਾਬਾ ਯਾਦਵਿੰਦਰ ਸਿੰਘ, ਕੁਲਵੀਰ ਸਿੰਘ ਗਿੱਲ ਅਤੇ ਬਲਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਇਹ ਡੰਪ ਪੰਚਾਇਤ ਵੱਲੋਂ ਕਿਸਾਨਾਂ ਦੀ ਭਲਾਈ ਅਤੇ ਵਾਤਾਵਰਣ ਸੁਰੱਖਿਆ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਸਾਂਭ-ਸੰਭਾਲ ਕਰਨਾ ਹੈ, ਤਾਂ ਜੋ ਇਸ ਨੂੰ ਸਾੜਨ ਦੀ ਬਜਾਏ ਵਾਤਾਵਰਣ-ਅਨੁਕੂਲ ਢੰਗ ਨਾਲ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਡੰਪ ਵਿਚ ਪਿੰਡ ਚੰਨਣਵਾਲ, ਗਹਿਲ, ਰਾਏਸਰ ਅਤੇ ਬੀਹਲਾਂ ਸਮੇਤ ਹੋਰ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਆਪਣੀ ਝੋਨੇ ਦੀ ਪਰਾਲੀ ਇਕੱਠੀ ਕਰਕੇ ਲਿਆ ਸਕਣਗੇ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...

ਇਕੱਠੀ ਕੀਤੀ ਗਈ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਸੀ.ਬੀ.ਸੀ. ਗੈਸ ਯੂਨਿਟਾਂ ਤੇ ਪਾਵਰ ਪਲਾਂਟਾਂ ਤੱਕ ਭੇਜ ਕੇ ਊਰਜਾ ਉਤਪਾਦਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਹਵਾ ਪ੍ਰਦੂਸ਼ਣ ’ਚ ਕਮੀ, ਖੇਤਾਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਅਤੇ ਸਿਹਤਮੰਦ ਵਾਤਾਵਰਣ ਬਣੇਗਾ। ਪਿੰਡ ਵਾਸੀਆਂ ਨੇ ਸਰਪੰਚ ਦੀ ਅਗਵਾਈ ਹੇਠ ਇਹ ਐਲਾਨ ਕੀਤਾ ਕਿ ਹੁਣ ਪਿੰਡ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ। ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ ਅਤੇ ਨਿਊ ਬਰਨਾਲਾ ਗਰੁੱਪ ਦੇ ਆਗੂ ਬਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਪਿੰਡ ਚੰਨਣਵਾਲ ਲਈ ਹੀ ਨਹੀਂ, ਸਗੋਂ ਸਾਰੇ ਇਲਾਕੇ ਦੀਆਂ ਪੰਚਾਇਤਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਡੰਪ ਵਿਚ ਇਕੱਠੀ ਕਰਕੇ ਭੇਜਣ, ਤਾਂ ਜੋ ਪ੍ਰਦੂਸ਼ਣ-ਮੁਕਤ ਪੰਜਾਬ ਦੇ ਸੁਫ਼ਨੇ ਨੂੰ ਸਾਕਾਰ ਕੀਤਾ ਜਾ ਸਕੇ।

 


author

Anmol Tagra

Content Editor

Related News