ਨਸ਼ੇ ''ਚ ਧੁੱਤ ਨੌਜਵਾਨਾਂ ਵੱਲੋਂ ਸਰਕਾਰੀ ਹਸਪਤਾਲ ਦੇ ਵਾਰਡ ਅਟੈਂਡੈਂਟ ਦੀ ਕੁੱਟਮਾਰ
Thursday, Oct 23, 2025 - 06:07 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ) : ਬੀਤੀ ਦੇਰ ਰਾਤ ਇੱਥੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚੇ ਤਿੰਨ ਨੌਜਵਾਨਾਂ ਵੱਲੋਂ ਵਾਰਡ ਅਟੈਂਡੈਂਟ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ 'ਤੇ ਸ਼ਰਾਬੀ ਹਾਲਤ ਵਿਚ ਉਕਤ ਨੌਜਵਾਨਾਂ ਨੇ ਪਹਿਲਾਂ ਹਸਪਤਾਲ ਦੀ ਇਕ ਸਟਾਫ ਨਰਸ ਨਾਲ ਬਦਤਮੀਜੀ ਕੀਤੀ ਜਿਸ ਮਗਰੋਂ ਮਾਮਲਾ ਵੱਧ ਗਿਆ। ਹਸਪਤਾਲ ਦੇ ਸਟਾਫ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਵਾਰਡ ਅਟੈਂਡੈਂਟ ਅਵਤਾਰ ਸਿੰਘ ਵਾਸੀ ਫੰਮਣਵਾਲ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਲਗਭਗ ਸਾਢੇ 8 ਵਜੇ ਦੀ ਹੈ ਜਦੋਂ ਤਿੰਨ ਨੌਜਵਾਨ ਨਸ਼ੇ ਦੀ ਹਾਲਤ ਵਿਚ ਹਸਪਤਾਲ ਆਏ ਅਤੇ ਦਾਅਵਾ ਕਰਨ ਲੱਗੇ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੈ ਤੇ ਛਾਤੀ 'ਚ ਜਲਨ ਦੀ ਸ਼ਿਕਾਇਤ ਹੋਣ 'ਤੇ ਉਹ ਇਲਾਜ ਕਰਵਾਉਣ ਲਈ ਇੱਥੇ ਆਏ ਹਨ। ਵਾਰਡ ਅਟੈਂਡੈਂਟ ਅਨੁਸਾਰ ਉਕਤ ਨੌਜਵਾਨਾਂ ਨੇ ਇਲਾਜ ਦੇ ਬਾਵਜੂਦ ਹਸਪਤਾਲ ਦੀ ਸਟਾਫ ਨਰਸ ਨਾਲ ਬਦਸਲੂਕੀ ਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਆਏ ਨੌਜਵਾਨਾਂ ਨੇ ਉਸ 'ਤੇ ਘਸੁੰਨ ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਜਿਸ ਉਪਰੰਤ ਹਮਲਾਵਰ ਹਸਪਤਾਲ 'ਚੋਂ ਭੱਜ ਗਏ। ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਹਮਲੇ ਵਿਚ ਉਸਦੀ ਨੱਕ ਦੀ ਹੱਡੀ ਤੇ ਦੰਦਾਂ 'ਤੇ ਗੰਭੀਰ ਸੱਟ ਲੱਗੀ ਹੈ। ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕਰ ਕੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਹਮਲਾਵਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ: ਐੱਸਐੱਚਓ
ਭਵਾਨੀਗੜ੍ਹ ਥਾਣੇ ਦੇ ਐੱਸਐੱਚਓ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹਸਪਤਾਲ ਅੰਦਰ ਹੋਈ ਘਟਨਾ ਸਬੰਧੀ ਸ਼ਿਕਾਇਤ ਮਿਲੀ ਹੈ ਜਿਸ ਅਧਾਰ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ।