ਗੁਲਾਬ ਸਿੱਧੂ ਨੇ ਸਰਪੰਚੀ ਗਾਣੇ 'ਤੇ ਵਿਵਾਦ ਮਗਰੋਂ ਮੰਗੀ ਮਾਫੀ; ਸਟੇਜ 'ਤੇ ਨਹੀਂ ਗਾਉਣਗੇ ਇਤਰਾਜ਼ਯੋਗ ਲਾਈਨਾਂ
Monday, Oct 27, 2025 - 01:42 PM (IST)
ਬਰਨਾਲਾ (ਪੁਨੀਤ) — ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਇੱਕ ਵਿਵਾਦਤ ਗੀਤ ਕਾਰਨ ਪੈਦਾ ਹੋਏ ਮਸਲੇ ਨੂੰ ਹੱਲ ਕਰਨ ਲਈ ਬਰਨਾਲੇ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਅਤੇ ਤਹਿ ਦਿਲੋਂ ਮਾਫ਼ੀ ਮੰਗ ਲਈ ਹੈ। ਇਸ ਵਿਵਾਦਤ ਗਾਣੇ ਵਿੱਚ ਸਰਪੰਚਾਂ ਦੇ ਖਿਲਾਫ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦ ਬੋਲੇ ਗਏ ਸਨ। ਗੁਲਾਬ ਸਿੱਧੂ ਨੇ ਕਿਹਾ ਕਿ ਸਰਪੰਚ ਪਿੰਡ ਦਾ ਮੁਖੀ ਅਤੇ ਮੋਹਤਬਰ ਬੰਦਾ ਹੁੰਦਾ ਹੈ। ਉਨ੍ਹਾਂ ਨੇ ਸਾਰੇ ਸਰਪੰਚਾਂ, ਜੋ ਕਿ ਵੱਡੇ ਭਰਾ ਹਨ, ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮਾਫ਼ੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ। ਸਿੱਧੂ ਨੇ ਤਹਿ ਦਿਲੋਂ ਮਾਫ਼ੀ ਮੰਗੀ ਹੈ ਅਤੇ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ, ਤਾਂ ਉਹਨਾਂ ਨੂੰ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ।

ਸਿੱਧੂ ਦੱਸਿਆ ਕਿ ਇਸ ਮਸਲੇ ਦਾ ਹੱਲ ਕਰਨ ਲਈ ਗਾਣੇ ਦੇ ਇਤਰਾਜ਼ਯੋਗ ਲਾਈਨਾਂ ਉੱਤੇ 'ਬੀਪ' (Beep) ਲਾ ਦਿੱਤੀ ਗਈ ਹੈ ਅਤੇ ਗਾਇਕ ਨੇ ਨਾਲ ਹੀ ਵਾਅਦਾ ਕੀਤਾ ਕਿ ਉਹ ਲਾਈਵ ਸ਼ੋਅ ਜਾਂ ਪ੍ਰੋਗਰਾਮਾਂ 'ਤੇ ਇਹ ਗਾਣਾ ਬਿਲਕੁਲ ਨਹੀਂ ਗਾਉਣਗੇ। ਜੇਕਰ ਗਾਇਆ ਵੀ ਜਾਂਦਾ ਹੈ, ਤਾਂ ਇਹ ਲਾਈਨਾਂ ਨਹੀਂ ਗਾਈਆਂ ਜਾਣਗੀਆਂ।
ਸਿੱਧੂ ਨੇ ਦੱਸਿਆ ਕਿ ਜਦੋਂ ਗਾਣਾ ਰਿਕਾਰਡ ਹੋ ਰਿਹਾ ਸੀ, ਤਾਂ ਉਹਨਾਂ ਨੇ ਆਪਣੇ ਦੋ-ਚਾਰ ਵੱਡੇ ਸੱਜਣ-ਮਿੱਤਰਾਂ ਨੂੰ ਗਾਣਾ ਸੁਣਾਇਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਇਸ ਨਾਲ ਕੋਈ ਵਿਵਾਦ ਨਾ ਹੋ ਜਾਵੇ, ਪਰ ਉਹਨਾਂ ਦੋਸਤਾਂ ਨੇ ਹੀ ਕਿਹਾ ਸੀ ਕਿ ਇਸ ਦਾ ਕੋਈ ਵਿਵਾਦ ਨਹੀਂ ਬਣਨਾ। ਮੌਜੂਦ ਸਰਪੰਚਾਂ ਨੇ ਸਿੱਧੂ ਦੀ ਮਾਫ਼ੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਮਸਲਾ ਪਿਆਰ ਅਤੇ ਸਤਿਕਾਰ ਨਾਲ ਹੱਲ ਹੋ ਗਿਆ ਹੈ। ਸਰਪੰਚ ਕਰਨਦੀਪ ਸਿੰਘ ਮੀਤ ਪ੍ਰਧਾਨ ਸਹਿਣਾ ਬਲਾਕ ਅਤੇ ਹੋਰ ਸਰਪੰਚਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਆਪਣਾ ਬੱਚਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ।
ਇਹ ਵੀ ਪੜ੍ਹੋ: 'ਪਵਿੱਤਰ ਰਿਸ਼ਤਾ' ਫੇਮ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ 'ਚ ਮੌਤ
ਹਾਲਾਂਕਿ, ਸਮਾਜਿਕ ਵਿਵਾਦ ਨੂੰ ਰੋਕਣ ਲਈ ਸਰਪੰਚ ਯੂਨੀਅਨ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ:
- ਡੀਸੀ ਨੂੰ ਮੰਗ ਪੱਤਰ: ਸਰਪੰਚਾਂ ਨੇ ਫੈਸਲਾ ਲਿਆ ਹੈ ਕਿ ਉਹ ਜਲਦ ਹੀ ਡੀਸੀ (DC) ਸਾਹਿਬ ਨੂੰ ਇੱਕ ਮੰਗ ਪੱਤਰ ਦੇਣਗੇ।
- ਕਾਨੂੰਨੀ ਕਾਰਵਾਈ ਦੀ ਮੰਗ: ਇਸ ਮੰਗ ਪੱਤਰ ਵਿੱਚ ਅਪੀਲ ਕੀਤੀ ਜਾਵੇਗੀ ਕਿ ਡੀਜੇ ਵਾਲਿਆਂ ਅਤੇ ਹੋਰ ਸ਼ਰਾਰਤੀ ਅਨਸਰਾਂ ਨੂੰ ਬੁਲਾ ਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਡਾਊਨਲੋਡ ਹੋਇਆ ਗਾਣਾ ਵਜਾ ਕੇ ਪਿੰਡਾਂ ਵਿੱਚ ਵਿਵਾਦ ਪੈਦਾ ਕੀਤੇ ਜਾਂਦੇ ਹਨ, ਜਿੱਥੇ ਗੱਲ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਬੱਸ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ, ਵਿਛ ਗਈਆਂ ਲਾਸ਼ਾਂ
ਗੁਲਾਬ ਸਿੱਧੂ ਨੇ ਆਪਣੇ ਦਰਸ਼ਕਾਂ ਅਤੇ ਚਾਹਵਾਨਾਂ ਨੂੰ ਵੀ ਕੀਤੀ ਖਾਸ ਅਪੀਲ
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰੋਗਰਾਮ ਜਾਂ ਡੀਜੇ 'ਤੇ ਇਹ ਗਾਣਾ ਨਾ ਲਗਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਬਥੇਰੇ ਗਾਣੇ ਹਨ ਅਤੇ ਇਹ ਗਾਣਾ ਕਿਸੇ ਲੜਾਈ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ, ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਹੈ। ਉਨ੍ਹਾਂ ਨੇ ਆਪਣੇ ਦਰਸ਼ਕਾਂ ਨੂੰ ਪਿਆਰ ਨਾਲ ਰਹਿਣ ਅਤੇ ਭਾਈਚਾਰਾ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਸੋਗ ਦੀ ਲਹਿਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
