ਬੇਅਦਬੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਵੇ ਸਰਕਾਰ: BKU

Thursday, Oct 23, 2025 - 03:58 PM (IST)

ਬੇਅਦਬੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਵੇ ਸਰਕਾਰ: BKU

ਮਹਿਲ ਕਲਾਂ (ਹਮੀਦੀ): ਕਸਬਾ ਮਹਿਲ ਕਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ (ਫਤਿਹ) ਦੀ ਇਕ ਮਹੱਤਵਪੂਰਨ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖੁਰਮੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਪ੍ਰਭਜੋਤ ਸਿੰਘ ਮਾਨਸਾਹੀਆ ਅਤੇ ਸੀਨੀਅਰ ਆਗੂ ਵੈਦ ਮੇਜਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਜਥੇਬੰਦੀ ਵਿਚ ਸ਼ਾਮਲ ਹੋ ਰਹੇ ਨਵੇਂ ਮੈਂਬਰਾਂ ਨੂੰ ਸੂਬਾ ਪ੍ਰਧਾਨ ਮਾਨਸਾਹੀਆ ਨੇ ਝੰਡੇ, ਬੈਜ ਅਤੇ ਮੈਂਬਰਸ਼ਿਪ ਕਾਰਡ ਦੇ ਕੇ ਸਨਮਾਨਿਤ ਕੀਤਾ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਹਰ ਸੂਬੇ ਵਿਚ ਜਥੇਬੰਦੀ ਦੀ ਮਜ਼ਬੂਤੀ ਲਈ ਨਵੀਂ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤੀ ਕਿਸਾਨ ਯੂਨੀਅਨ (ਫਤਿਹ) ਨਾ ਸਿਰਫ ਕਿਸਾਨਾਂ ਦੇ ਹੱਕਾਂ ਲਈ ਲੜ ਰਹੀ ਹੈ, ਸਗੋਂ ਮਜਦੂਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਲਈ ਵੀ ਅਵਾਜ਼ ਬੁਲੰਦ ਕਰ ਰਹੀ ਹੈ। ਮਾਨਸਾਹੀਆ ਨੇ ਕਿਹਾ ਕਿ ਪੰਥਕ ਮੰਗਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਵਿਰੋਧ ਵਿਚ ਸੰਗਰਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਮਾਣਾ ਵਿਖੇ ਜਥੇਬੰਦੀ ਦਾ ਪੱਕਾ ਮੋਰਚਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਸਖ਼ਤ ਕਾਨੂੰਨ ਲਿਆਵੇ, ਤਾਂ ਜੋ ਧਾਰਮਿਕ ਗ੍ਰੰਥਾਂ ਜਾਂ ਚਿੰਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਠੋਰ ਸਜ਼ਾ ਮਿਲ ਸਕੇ। 

ਮਾਨਸਾਹੀਆ ਨੇ ਕਿਹਾ ਕਿ “ਅੱਜ ਹਰ ਵਰਗ ਦਾ ਇਨਸਾਨ ਆਪਣੇ ਹੱਕ ਲਈ ਸੜਕਾਂ 'ਤੇ ਆ ਰਿਹਾ ਹੈ, ਅਤੇ ਇਹ ਲੜਾਈ ਪੰਜਾਬ ਦੇ ਲੋਕਾਂ ਦੀ ਅਵਾਜ਼ ਬਣ ਚੁੱਕੀ ਹੈ।” ਉਨ੍ਹਾਂ ਕਿਹਾ ਕਿ ਜਿਲ੍ਹਾ ਬਰਨਾਲਾ ਦੇ ਹਰ ਬਲਾਕ ਵਿੱਚ ਲੋਕ ਜਥੇਬੰਦੀ ਨਾਲ ਜੁੜ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਤਿਕਾਰ ਤੇ ਮਾਣ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਖੁਰਮੀ, ਪ੍ਰਿੰਸ ਮੰਡੇਰ ਚੰਨਣਵਾਲ, ਗੁਰਵਿੰਦਰ ਸਿੰਘ ਧਨੇਰ, ਪਵਨ ਕੁਮਾਰ, ਲਛਮਣ ਸਿੰਘ ਵਜੀਦਕੇ ਸਮੇਤ ਕਈ ਹੋਰ ਆਗੂ ਹਾਜ਼ਰ ਸਨ।


author

Anmol Tagra

Content Editor

Related News