ਹਸਪਤਾਲ ''ਚ ਖ਼ੌਫ ਦਾ ਮੰਜ਼ਰ! ਅੱਧੀ ਰਾਤ ਮਰੀਜ਼ ਦੇ ਕਮਰੇ ਨੂੰ ਲਾਇਆ ਤਾਲਾ, ਫੇਸਬੁੱਕ ਲਾਈਵ ਨੇ ਖੋਲ੍ਹੀ ਸਿਸਟਮ ਦੀ ਪੋਲ
Friday, Jun 19, 2026 - 01:27 PM (IST)
ਬਰਨਾਲਾ (ਵਿਵੇਕ ਸਿੰਧਵਾਨੀ): ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਅਤੇ ਉੱਥੇ ਮਿਲਣ ਵਾਲੀਆਂ ਵੀ.ਆਈ.ਪੀ. ਸਹੂਲਤਾਂ ਦੇ ਦਾਅਵੇ ਜ਼ਮੀਨੀ ਪੱਧਰ 'ਤੇ ਕਿੰਨੇ ਖੋਖਲੇ ਹਨ, ਇਸ ਦੀ ਇਕ ਬੇਹੱਦ ਡਰਾਉਣੀ ਅਤੇ ਹੈਰਾਨ ਕਰਨ ਵਾਲੀ ਤਸਵੀਰ ਬਰਨਾਲਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ। ਹਸਪਤਾਲ ਦੇ 'ਸਪੈਸ਼ਲ ਵਾਰਡ' ਵਿਚ ਇਲਾਜ ਕਰਵਾ ਰਹੇ ਇਕ ਮਰੀਜ਼ ਅਤੇ ਉਸ ਦੀ ਪਤਨੀ ਨੂੰ ਅੱਧੀ ਰਾਤ ਨੂੰ ਕਮਰੇ ਦੇ ਅੰਦਰ ਹੀ ਬੰਧਕ ਬਣਾ ਦਿੱਤਾ ਗਿਆ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਹਰੋਂ ਕੁੰਡੀ ਲਗਾ ਦਿੱਤੇ ਜਾਣ ਤੋਂ ਬਾਅਦ, ਦਰਦ ਨਾਲ ਤੜਫਦੇ ਮਰੀਜ਼ ਦੀ ਮਦਦ ਕਰਨ ਦੀ ਬਜਾਏ ਡਿਊਟੀ ਸਟਾਫ਼ 'ਖ਼ੌਫ' ਦਾ ਬਹਾਨਾ ਬਣਾ ਕੇ ਤਮਾਸ਼ਾ ਦੇਖਦਾ ਰਿਹਾ। ਇਸ ਘਟਨਾ ਤੋਂ ਬਾਅਦ ਪੀੜਤ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਹਸਪਤਾਲ ਪ੍ਰਬੰਧਨ ਦੀ ਸੁਰੱਖਿਆ ਅਤੇ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਗੋਡੇ ਦੇ ਆਪ੍ਰੇਸ਼ਨ ਤੋਂ ਬਾਅਦ ਭਰਤੀ ਮਰੀਜ਼ ਨੂੰ ਅੱਧੀ ਰਾਤ ਨੂੰ ਕੀਤਾ 'ਕੈਦ'
ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਹਿਰ ਦੀ ਰਹਿਣ ਵਾਲੀ ਉਸ਼ਾ ਭਰੀ ਨਾਮਕ ਮਹਿਲਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਇਸ ਖ਼ੌਫਨਾਕ ਵਾਕਏ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਗੋਡਿਆਂ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਦੇ ਕਮਰਾ ਨੰਬਰ 11 ਵਿੱਚ ਭਰਤੀ ਸਨ। ਬੀਤੀ ਰਾਤ ਕਰੀਬ 2 ਵਜੇ, ਆਪ੍ਰੇਸ਼ਨ ਦੇ ਦਰਦ ਕਾਰਨ ਉਨ੍ਹਾਂ ਦੇ ਪਤੀ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਉਸ਼ਾ ਵੀ ਉਨ੍ਹਾਂ ਦੇ ਕੋਲ ਜਾਗ ਰਹੀ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਆ ਕੇ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ।
ਬਾਹਰੋਂ ਆਈ ਮਰਦਾਨਾ ਆਵਾਜ਼, ਪਰ ਨਹੀਂ ਖੁੱਲ੍ਹਿਆ ਦਰਵਾਜ਼ਾ
ਉਸ਼ਾ ਭਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਮਰੇ ਦੇ ਬਾਹਰ ਕਿਸੇ ਸ਼ੱਕੀ ਹਲਚਲ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਨੇ ਅੰਦਰੋਂ ਆਵਾਜ਼ ਲਗਾਈ, "ਬਾਹਰ ਕੌਣ ਹੈ? ਦਰਵਾਜ਼ਾ ਖੋਲ੍ਹੋ।" ਇਸ 'ਤੇ ਬਾਹਰੋਂ ਇੱਕ ਮਰਦਾਨਾ ਆਵਾਜ਼ ਆਈ, "ਖੋਲ੍ਹਦਾ ਹਾਂ।" ਪਰ ਇਸ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਉਹ ਘਬਰਾ ਗਈ। ਇੱਕ ਪਾਸੇ ਕਮਰੇ ਦਾ ਦਰਵਾਜ਼ਾ ਬਾਹਰੋਂ ਲਾਕ ਸੀ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਬੈੱਡ 'ਤੇ ਗੰਭੀਰ ਦਰਦ ਨਾਲ ਬੁਰੀ ਤਰ੍ਹਾਂ ਤੜਫ ਰਹੇ ਸਨ, ਪਰ ਚਾਹੁੰਦੇ ਹੋਏ ਵੀ ਉਹ ਡਾਕਟਰ ਜਾਂ ਨਰਸ ਨੂੰ ਬੁਲਾਉਣ ਲਈ ਬਾਹਰ ਨਹੀਂ ਜਾ ਸਕੀ।
ਅੱਧੀ ਰਾਤ ਨੂੰ ਤੜਫਦੇ ਰਹੇ, ਸਵੇਰੇ 4 ਵਜੇ ਕੌਂਸਲਰ ਨੇ ਆ ਕੇ ਬਚਾਇਆ
ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਮਦਦ ਲਈ ਅੰਦਰੋਂ ਦਰਵਾਜ਼ੇ ਨੂੰ ਬਹੁਤ ਜ਼ੋਰ-ਜ਼ੋਰ ਨਾਲ ਖੜਕਾਇਆ ਅਤੇ ਆਵਾਜ਼ਾਂ ਦਿੱਤੀਆਂ, ਪਰ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਜਾਂ ਸਟਾਫ਼ ਨੇ ਕੋਈ ਸਾਰ ਨਹੀਂ ਲਈ। ਆਖ਼ਰਕਾਰ, ਕੋਈ ਰਸਤਾ ਨਾ ਬਚਦਾ ਦੇਖ ਬੇਵੱਸ ਮਹਿਲਾ ਨੇ ਸਵੇਰੇ ਕਰੀਬ 4 ਵਜੇ ਵਾਰਡ ਨੰਬਰ 25 ਦੇ ਨਗਰ ਕੌਂਸਲਰ (ਪਾਰਸ਼ਦ) ਨਵੀਨ ਕੌਸ਼ਲ ਨੂੰ ਫ਼ੋਨ ਲਗਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੌਂਸਲਰ ਨਵੀਨ ਕੌਸ਼ਲ ਤੁਰੰਤ ਖ਼ੁਦ ਸਿਵਲ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਕਮਰੇ ਦੀ ਕੁੰਡੀ ਖੋਲ੍ਹ ਕੇ ਅੰਦਰ ਬੰਦ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ।
ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਜਦੋਂ ਉਸ਼ਾ ਭਰੀ ਆਪਣੇ ਤੜਫਦੇ ਪਤੀ ਦੇ ਇਲਾਜ ਲਈ ਡਿਊਟੀ 'ਤੇ ਮੌਜੂਦ ਡਾਕਟਰਾਂ ਅਤੇ ਨਰਸਿੰਗ ਸਟਾਫ਼ ਕੋਲ ਪਹੁੰਚੀ, ਤਾਂ ਮਹਿਲਾ ਅਨੁਸਾਰ ਜਦੋਂ ਉਨ੍ਹਾਂ ਨੇ ਸਟਾਫ਼ ਤੋਂ ਪੁੱਛਿਆ ਕਿ ਆਵਾਜ਼ ਦੇਣ 'ਤੇ ਵੀ ਕੋਈ ਕਿਉਂ ਨਹੀਂ ਆਇਆ, ਤਾਂ ਸਟਾਫ਼ ਨੇ ਮੰਨਿਆ ਕਿ ਉਨ੍ਹਾਂ ਨੂੰ ਦਰਵਾਜ਼ਾ ਖੜਕਾਉਣ ਦੀ ਆਵਾਜ਼ ਤਾਂ ਆ ਰਹੀ ਸੀ, ਪਰ ਉਨ੍ਹਾਂ ਨੇ ਕਿਹਾ, "ਰਾਤ ਦੇ ਸਮੇਂ ਸਿਰਫ਼ ਲੇਡੀਜ਼ ਸਟਾਫ਼ ਹੀ ਡਿਊਟੀ 'ਤੇ ਸੀ। ਸਾਨੂੰ ਲੱਗਿਆ ਕਿ ਕੋਈ ਬਾਹਰਲਾ ਵਿਅਕਤੀ ਹਸਪਤਾਲ ਦਾ ਗੇਟ ਖੜਕਾ ਰਿਹਾ ਹੈ। ਡਰ ਦੇ ਮਾਰੇ ਅਸੀਂ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਕਿ ਕਿਧਰੇ ਸਾਡੇ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।"
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਐੱਸ.ਐੱਮ.ਓ.
ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮਾਮਲੇ ਨੂੰ ਲੈ ਕੇ ਜਦੋਂ ਹਸਪਤਾਲ ਦੀ ਐਸ.ਐਮ.ਓ. (SMO) ਡਾਕਟਰ ਇੰਦੂ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਇਸ ਘਟਨਾ ਨੂੰ ਲੈ ਕੇ ਲਿਖਤੀ ਰੂਪ ਵਿੱਚ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਆਈ ਹੈ। ਹਾਲਾਂਕਿ, ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਹੈ ਅਤੇ ਉਹ ਖ਼ੁਦ ਇਸ ਦੀ ਜਾਂਚ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਰਾਤ ਦੇ ਸਮੇਂ ਕੀ ਘਟਨਾਕ੍ਰਮ ਹੋਇਆ ਸੀ ਅਤੇ ਸਟਾਫ਼ ਵੱਲੋਂ ਕੀ ਲਾਪਰਵਾਹੀ ਰਹੀ, ਇਸ ਦਾ ਪੂਰਾ ਪਤਾ ਲਗਾਇਆ ਜਾਵੇਗਾ।
