ਟੂਲਜ਼ ਦੀ ਦੁਕਾਨ ਨੂੰ ਲੱਗੀ ਅੱਗ; ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Wednesday, Jun 24, 2026 - 06:18 PM (IST)
ਮਾਲੇਰਕੋਟਲਾ (ਅਖਿਲੇਸ਼, ਸਵਾਤੀ)- ਮੰਗਲਵਾਰ ਦੁਪਹਿਰ ਨੂੰ ਕਲੱਬ ਚੌਕ ਨੇੜੇ ਧੀਮਾਨ ਟੂਲਸ ਨਾਂ ਦੀ ਇਕ ਦੁਕਾਨ ਦੇ ਪਿਛਲੇ ਪਾਸੇ ਅਚਾਨਕ ਅੱਗ ਲੱਗ ਗਈ। ਕਾਲੇ ਧੂੰਏਂ ਦਾ ਗੁਬਾਰ ਉੱਠਣ ਨਾਲ ਆਲੇ-ਦੁਆਲੇ ਦੇ ਦੁਕਾਨਦਾਰ ਲੋਕਾਂ ਨੇ ਅੱਗ ਬੁਝਾਊ ਦਸਤੇ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਦੁਕਾਨ ਦੇ ਪਿਛਲੇ ਹਿੱਸੇ ਤੱਕ ਪਹੁੰਚ ਮੁਸ਼ਕਿਲ ਹੋਣ ਕਰ ਕੇ ਨਾਲ ਲੱਗਦੀ ਉਸਾਰੀ ਅਧੀਨ ਦੁਕਾਨ ਦੀ ਕੰਧ ਤੋੜੀ ਗਈ। ਇਸ ਤਰ੍ਹਾਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਸ਼ਾਮ ਕਰੀਬ 4 ਵਜੇ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਸਥਾਨਕ ਦੁਕਾਨਦਾਰਾਂ ਤੇ ਜਾਣਕਾਰਾਂ ਨੇ ਭਾਈਚਾਰੇ ਦਾ ਸਬੂਤ ਪੇਸ਼ ਕਰਦਿਆਂ ਪ੍ਰਭਾਵਿਤ ਦੁਕਾਨ ਮਾਲਕ ਵਿੱਕੀ ਧੀਮਾਨ ਦੀ ਦੁਕਾਨ ’ਚੋਂ ਸੜੇ ਤੇ ਅੰਸ਼ਿਕ ਤੌਰ ’ਤੇ ਸੜੇ ਹੋਏ ਮਾਲ ਨੂੰ ਬਾਹਰ ਕੱਢਣ ’ਚ ਮਦਦ ਕੀਤੀ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ।
ਪੀੜਤ ਵਿੱਕੀ ਧੀਮਾਨ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਹ ਬਿਜਲੀ ਦੇ ਸੰਦਾਂ (ਉਪਕਰਨ) ਜਿਵੇਂ ਕਿ ਡਰਿੱਲ, ਕਟਰ, ਕੰਕਰੀਟ ਕਟਰ ਅਤੇ ਹਥੌੜੇ ਆਦਿ ਦੀ ਮੁਰੰਮਤ ਤੇ ਵਿਕਰੀ ਦਾ ਕੰਮ ਕਰਦਾ ਹੈ। ਦੁਪਹਿਰ ਨੂੰ ਉਸ ਨੇ ਆਪਣੀ ਦੁਕਾਨ ਦੇ ਪਿਛਲੇ ਹਿੱਸੇ ਤੋਂ ਧੂੰਆਂ ਉੱਠਦਾ ਹੋਇਆ ਦੇਖਿਆ ਅਤੇ ਨੇੜਲੇ ਦੁਕਾਨਦਾਰਾਂ ਦੀ ਮਦਦ ਨਾਲ ਉਸ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਤੇ ਦੁਕਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਤੱਕ ਪਹੁੰਚਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਥਾਨਕ ਲੋਕਾਂ ਦੇ ਸਹਿਯੋਗ, ਮਿਹਨਤ ਤੇ ਸਮਝਦਾਰੀ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਮੁੱਖ ਕਾਰਨ ਅਜੇ ਨਹੀਂ ਪਤਾ ਲੱਗ ਸਕਿਆ ਹੈ। ਇਸ ਦੌਰਾਨ ਪੀੜਤ ਦੁਕਾਨਦਾਰ ਵਿੱਕੀ ਧੀਮਾਨ ਦੇ ਦੋਸਤਾਂ ਨੇ ਪ੍ਰਸ਼ਾਸਨ ਨੂੰ ਉਸ ਦੀ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।
