ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਪੜ੍ਹੋ ਕੀ ਹੈ ਕਾਰਨ
Sunday, Jun 21, 2026 - 01:36 PM (IST)
ਮਹਿਲ ਕਲਾਂ (ਹਮੀਦੀ) : ਮਾਨਸੂਨ ਦੇ ਦਸਤਕ ਦੇਣ ਨਾਲ ਹੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ, ਨਰੈਣਗੜ੍ਹ ਸੋਹੀਆਂ, ਛੀਨੀਵਾਲ ਖੁਰਦ, ਸੱਦੋਵਾਲ ਤੇ ਗਾਗੇਵਾਲ ਦੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਲਾਕੇ ’ਚੋਂ ਲੰਘਦੀ ਬੱਸੀਆਂ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਇਸ ’ਚ ਹਰੀ ਵੇਲ, ਜੰਗਲੀ ਬੂਟੇ ਤੇ ਗਾਰ ਦੇ ਵੱਡੇ ਢੇਰ ਜਮ੍ਹਾਂ ਹੋ ਚੁੱਕੇ ਹਨ, ਜਿਸ ਨਾਲ ਡਰੇਨ ਦੀ ਪਾਣੀ ਨਿਕਾਸੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੂੰ ਡਰ ਹੈ ਕਿ ਭਾਰੀ ਬਰਸਾਤ ਦੌਰਾਨ ਡਰੇਨ ਓਵਰਫਲੋ ਹੋ ਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਬੱਸੀਆਂ ਡਰੇਨ ਇਲਾਕੇ ਦੀ ਅਹਿਮ ਨਿਕਾਸੀ ਪ੍ਰਣਾਲੀ ਹੈ, ਜੋ ਬਰਸਾਤੀ ਅਤੇ ਵਾਧੂ ਪਾਣੀ ਨੂੰ ਖੇਤਾਂ ’ਚੋਂ ਬਾਹਰ ਕੱਢਣ ਲਈ ਬਣਾਈ ਗਈ ਸੀ ਪਰ ਡਰੇਨੇਜ ਵਿਭਾਗ ਦੀ ਅਣਗਹਿਲੀ ਕਾਰਨ ਇਸ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ। ਡਰੇਨ ਦੇ ਕਈ ਹਿੱਸਿਆਂ ’ਚ ਹਰੀ ਵੇਲ ਅਤੇ ਜੰਗਲੀ ਬੂਟੇ ਇਸ ਕਦਰ ਫੈਲ ਚੁੱਕੇ ਹਨ ਕਿ ਪਾਣੀ ਦਾ ਵਹਾਅ ਲਗਭਗ ਰੁਕ ਗਿਆ ਹੈ, ਜਦੋਂਕਿ ਤਲ ’ਚ ਜੰਮੀ ਗਾਰ ਨੇ ਇਸ ਦੀ ਡੂੰਘਾਈ ਅਤੇ ਸਮਰੱਥਾ ਨੂੰ ਕਾਫ਼ੀ ਘਟਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮਾਨਸੂਨ ਦੌਰਾਨ ਲਗਾਤਾਰ ਜਾਂ ਭਾਰੀ ਮੀਂਹ ਪੈਂਦਾ ਹੈ ਤਾਂ ਡਰੇਨ ਆਪਣੇ ਕੰਢਿਆਂ ਤੋਂ ਬਾਹਰ ਆ ਸਕਦੀ ਹੈ, ਜਿਸ ਨਾਲ ਸੈਂਕੜੇ ਏਕੜ ਖੇਤੀਯੋਗ ਜ਼ਮੀਨ ਪਾਣੀ ਦੀ ਲਪੇਟ ’ਚ ਆ ਸਕਦੀ ਹੈ। ਪਿਛਲੇ ਸਾਲਾਂ ਦੌਰਾਨ ਵੀ ਡਰੇਨ ਦੇ ਓਵਰਫਲੋ ਹੋਣ ਕਾਰਨ ਝੋਨੇ, ਮੱਕੀ, ਬਾਜਰੇ, ਮੂੰਗੀ ਅਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਕਈ ਕਿਸਾਨਾਂ ਨੂੰ ਦੁਬਾਰਾ ਬਿਜਾਈ ਕਰਨੀ ਪਈ, ਜਿਸ ਨਾਲ ਉਨ੍ਹਾਂ ਉੱਤੇ ਵਾਧੂ ਆਰਥਿਕ ਬੋਝ ਪਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜ਼ਿਲ੍ਹਾ ਆਗੂ ਸਤਨਾਮ ਸਿੰਘ ਦੀਵਾਨਾ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਆਦਿ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਬਰਨਾਲਾ ਅਤੇ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਕਿ ਬੱਸੀਆਂ ਡਰੇਨ ਦੀ ਤੁਰੰਤ ਸਫ਼ਾਈ ਲਈ ਵਿਸ਼ੇਸ਼ ਫੰਡ ਜਾਰੀ ਕਰਕੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ, ਲੱਖਾਂ ਪੰਜਾਬੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਆਗੂਆਂ ਨੇ ਕਿਹਾ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਬੱਸੀਆਂ ਡਰੇਨ ਦੀ ਮੌਜੂਦਾ ਦੁਰਦਸ਼ਾ ਸਪੱਸ਼ਟ ਕਰਦੀ ਹੈ ਕਿ ਸਬੰਧਿਤ ਵਿਭਾਗਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਨਾ ਕਰਵਾਈ ਗਈ ਤਾਂ ਮਾਨਸੂਨ ਦੌਰਾਨ ਇਲਾਕੇ ’ਚ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ ਅਤੇ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਤਬਾਹ ਹੋ ਸਕਦੀਆਂ ਹਨ। ਕਿਸਾਨਾਂ ਤੇ ਭਾਕਿਯੂ (ਉਗਰਾਹਾਂ) ਦੇ ਆਗੂਆਂ ਨੇ ਮੰਗ ਕੀਤੀ ਕਿ ਡਰੇਨ ’ਚੋਂ ਗਾਰ, ਹਰੀ ਵੇਲ ਅਤੇ ਜੰਗਲੀ ਬੂਟਿਆਂ ਨੂੰ ਤੁਰੰਤ ਕੱਢ ਕੇ ਇਸ ਦੀ ਪਾਣੀ ਨਿਕਾਸੀ ਸਮਰੱਥਾ ਬਹਾਲ ਕੀਤੀ ਜਾਵੇ ਅਤੇ ਜਿੱਥੇ ਲੋੜ ਹੋਵੇ ਉੱਥੇ ਡਰੇਨ ਦੇ ਕੰਢਿਆਂ ਨੂੰ ਵੀ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤੁਰੰਤ ਦਖ਼ਲ-ਅੰਦਾਜ਼ੀ ਹੀ ਇਲਾਕੇ ਨੂੰ ਸੰਭਾਵੀ ਹੜ੍ਹਾਂ ਅਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
