ਭਰਾ ਦੀ ਮੌਤ ਦੇ ਦੋ ਦਿਨ ਬਾਅਦ ਘਰ ’ਚ ਚੋਰੀ, 22 ਤੋਲੇ ਸੋਨਾ ਤੇ ਨਕਦੀ ਲੈ ਉੱਡੇ ਚੋਰ

Sunday, Jun 21, 2026 - 12:46 PM (IST)

ਭਰਾ ਦੀ ਮੌਤ ਦੇ ਦੋ ਦਿਨ ਬਾਅਦ ਘਰ ’ਚ ਚੋਰੀ, 22 ਤੋਲੇ ਸੋਨਾ ਤੇ ਨਕਦੀ ਲੈ ਉੱਡੇ ਚੋਰ

ਲਹਿਰਾਗਾਗਾ (ਗੋਇਲ)-ਪਿੰਡ ਲਹਿਲ ਕਲਾਂ ’ਚ ਇਕ ਅਜਿਹੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪਹਿਲਾਂ ਹੀ ਸੋਗ ’ਚ ਡੁੱਬੇ ਇਕ ਪਰਿਵਾਰ ਨੂੰ ਹੋਰ ਵੱਡਾ ਸਦਮਾ ਦੇ ਦਿੱਤਾ ਹੈ। ਪਰਿਵਾਰ ਦੇ ਇਕ ਮੈਂਬਰ ਦੀ ਮੌਤ ਹੋਣ ਤੋਂ ਮਹਿਜ਼ ਦੋ ਦਿਨ ਬਾਅਦ ਅਣਪਛਾਤੇ ਚੋਰਾਂ ਨੇ ਘਰ ’ਚ ਦਾਖਲ ਹੋ ਕੇ ਕਰੀਬ 22 ਤੋਲੇ ਸੋਨਾ ਅਤੇ ਲੱਗਭਗ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਪੀੜਤ ਪ੍ਰਗਟ ਸਿੰਘ ਦੇ ਪੁੱਤਰ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ ਆਪਣੇ ਚਾਚਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਕੇ ਦੇਰ ਰਾਤ ਪਹੁੰਚਿਆ ਅਤੇ ਕਰੀਬ 11 ਵਜੇ ਸੁੱਤਾ ਸੀ, ਉਹ ਤੇ ਉਸ ਦੀਆਂ ਭੈਣਾਂ ਇਕ ਕਮਰੇ ਵਿਚ ਤੇ ਉਸ ਦੇ ਪਿਤਾ ਜੀ ਸਟੋਰ ਦੇ ਨਾਲ ਲੱਗਦੇ ਦੂਜੇ ਕਮਰੇ ’ਚ ਸੁੱਤੇ ਹੋਏ ਸੀ, ਜਦੋਂ ਸਵੇਰੇ ਮੇਰੇ ਪਿਤਾ ਪ੍ਰਗਟ ਸਿੰਘ ਉੱਠੇ ਤਾਂ ਉਨ੍ਹਾਂ ਦੇ ਸਟੋਰ ਦਾ ਗੇਟ ਖੁੱਲ੍ਹਿਆ ਤੇ ਅਲਮਾਰੀ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਕੋਠੀ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। 

ਇਹ ਵੀ ਪੜ੍ਹੋ-ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ, ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਪ੍ਰਗਟ ਸਿੰਘ ਦੇ ਭਰਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਨਾਥਾਂ ਨੇ ਦੱਸਿਆ ਕਿ ਚੋਰ ਖੇਤਾਂ ਵਾਲੇ ਪਾਸੇ ਤੋਂ ਕੰਧ ਟੱਪ ਕੇ ਕੋਠੀ ਦੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਕੋਠੀ ਦੇ ਗੇਟ ਦੀ ਜਾਲੀ ਕੱਟ ਕੇ ਅੰਦਰੋਂ ਲੱਗੀ ਕੁੰਡੀ ਖੋਲ੍ਹੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਘਰ ਅੰਦਰ ਪਹੁੰਚ ਗਏ। ਚੋਰ ਸਿੱਧੇ ਉਸ ਸਟੋਰ ’ਚ ਗਏ ਜਿੱਥੇ ਅਲਮਾਰੀ ’ਚ ਸੋਨੇ ਦੇ ਗਹਿਣੇ ਅਤੇ ਨਕਦੀ ਰੱਖੀ ਹੋਈ ਸੀ। ਚੋਰਾਂ ਨੇ ਅਲਮਾਰੀ ਨੂੰ ਫਰੋਲਦਿਆਂ ਕਰੀਬ 22 ਤੋਲੇ ਸੋਨਾ ਅਤੇ ਲੱਗਭਗ 1.50 ਲੱਖ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਹੈਰਾਨੀਜਨਕ ਗੱਲ ਇਹ ਰਹੀ ਕਿ ਸਟੋਰ ਦੇ ਦੋਵਾਂ ਪਾਸਿਆਂ ਬਣੇ ਕਮਰਿਆਂ ’ਚ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ ਪਰ ਚੋਰਾਂ ਦੀ ਕੋਈ ਆਵਾਜ਼ ਜਾਂ ਹਰਕਤ ਕਿਸੇ ਦੇ ਧਿਆਨ ’ਚ ਨਹੀਂ ਆਈ। ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਫਰਾਰ ਹੋ ਗਏ। ਚੋਰੀ ਦੀ ਸੂਚਨਾ ਮਿਲਦੇ ਹੀ ਲਹਿਰਾਗਾਗਾ ਪੁਲਸ, ਫੋਰੈਂਸਿਕ ਟੀਮ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮਾਹਿਰਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਅਤੇ ਫਿੰਗਰ ਪ੍ਰਿੰਟ ਵੀ ਹਾਸਲ ਕੀਤੇ ਗਏ।

ਇਹ ਵੀ ਪੜ੍ਹੋ- ਗਮੀ 'ਚ ਬਦਲੀ ਖੁਸ਼ੀ, ਜਨਮਦਿਨ ਤੋਂ ਇਕ ਦਿਨ ਪਹਿਲਾਂ ਮੌਤ, ਆਪਣੇ ਹੀ ਟਰੈਕਟਰ ਹੇਠ ਆਇਆ ਨੌਜਵਾਨ

ਇਸ ਦੌਰਾਨ ਡੀ.ਐੱਸ.ਪੀ. ਲਹਿਰਾ ਪਲਵਿੰਦਰ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕਰ ਕੇ ਜਾਂਚ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੌਕੇ ਤੋਂ ਅਹਿਮ ਸੁਰਾਗ ਇਕੱਠੇ ਕੀਤੇ ਗਏ ਹਨ। ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉੱਧਰ, ਐੱਸ. ਐੱਚ. ਓ. ਲਹਿਰਾ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਵੱਲੋਂ ਆਸ-ਪਾਸ ਦੇ ਇਲਾਕਿਆਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਵਿਗਿਆਨਕ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਲਦ ਹੀ ਇਸ ਅੰਨੀ ਚੋਰੀ ਦੀ ਗੁੱਥੀ ਸੁਲਝਾ ਲਈ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ: ਅਕਾਲੀ ਆਗੂ ਦੇ ਘਰ 'ਤੇ ਚੱਲੀਆਂ ਗੋਲੀਆਂ, ਲਾਇਸੈਂਸੀ ਰਿਵਾਲਵਰ ਨਾਲ ਕੀਤੀ ਜਵਾਬੀ ਫਾਇਰਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News