ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲੇ 5 ਕਿਸਾਨਾਂ ਖ਼ਿਲਾਫ਼ ਪਰਚੇ ਦਰਜ

Tuesday, Jun 16, 2026 - 03:56 PM (IST)

ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲੇ 5 ਕਿਸਾਨਾਂ ਖ਼ਿਲਾਫ਼ ਪਰਚੇ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲੀ ਬਣਾਉਣ ਦੇ ਮਾਮਲੇ ’ਚ ਪ੍ਰਸ਼ਾਸਨ ਨੇ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 5 ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਹਨ। ਦੱਸਣਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ (ਡੀ. ਸੀ.) ਬਰਨਾਲਾ ਵੱਲੋਂ ਹੁਕਮ ਨੰਬਰ 105/ਐੱਮ. ਏ. ਮਿਤੀ 09/04/2026 ਰਾਹੀਂ ਖੇਤਾਂ ’ਚ ਅੱਗ ਲਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਸੀ, ਜਿਸ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ ਹੁਣ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ।

ਸੈਟੇਲਾਈਟ ਤੇ ਕਲੱਸਟਰ ਅਫਸਰਾਂ ਦੀ ਨਿਗਰਾਨੀ ਨੇ ਫੜੀ ਖੇਤਾਂ ਦੀ ਅੱਗ

ਪ੍ਰਸ਼ਾਸਨ ਵੱਲੋਂ ਇਸ ਵਾਰ ਰਵਾਇਤੀ ਤਰੀਕਿਆਂ ਦੀ ਬਜਾਏ ਹਾਈਟੈੱਕ ਤਕਨੀਕ ਅਤੇ ਜ਼ਮੀਨੀ ਪੱਧਰ ਦੀਆਂ ਮੋਨੀਟਰਿੰਗ ਕਮੇਟੀਆਂ ਦੀ ਮਦਦ ਲਈ ਜਾ ਰਹੀ ਹੈ। ਸਬ-ਡਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਤਹਿਸੀਲ ਤੇ ਜ਼ਿਲਾ ਬਰਨਾਲਾ ਅਤੇ ਕਲੱਸਟਰ ਅਫਸਰਾਂ ਵੱਲੋਂ ਭੇਜੇ ਗਏ ਚਲਾਨ ਫਾਰਮਾਂ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਹੈ।

ਥਾਣਾ ਬਰਨਾਲਾ ਵਿਖੇ ਸਬ-ਡਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਵੱਲੋਂ ਚਲਾਨ ਫਾਰਮ ਨੰਬਰ 1763 ਮਿਤੀ 10.05.2026 ਮੌਸੂਲ ਹੋਇਆ। ਜਾਂਚ ਦੌਰਾਨ ਤਸਦੀਕ ਹੋਇਆ ਕਿ ਤੁਲਸੀ ਰਾਮ ਪੁੱਤਰ ਜਗਦੀਸ਼ ਰਾਮ ਵਾਸੀ ਖੁੱਡੀ ਕਲਾਂ ਨੇ ਆਪਣੇ ਖੇਤ ’ਚ ਕਣਕ ਦੀ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਈ ਸੀ। ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਕਿਸਾਨ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਚਲਾਨ ਫਾਰਮ ਨੰਬਰ 1840 ਮਿਤੀ 08.05.2026 ਦੇ ਆਧਾਰ ’ਤੇ ਥਾਣਾ ਬਰਨਾਲਾ ਵਿਖੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ। ਇੱਥੇ ਗੁਰਤੇਜ ਸਿੰਘ ਪੁੱਤਰ ਗੁਰਦਿਆਲ ਸਿੰਘ, ਵਾਸੀ ਫਰਵਾਹੀ ਵੱਲੋਂ ਆਪਣੇ ਖੇਤ ਦੇ ਰਕਬਾ ਪਿੰਡ ਫਰਵਾਹੀ ਵਿਖੇ ਨਾੜ ਨੂੰ ਅੱਗ ਲਾਉਣ ਦੀ ਪੁਸ਼ਟੀ ਹੋਈ, ਜਿਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਗਈ। ਸ਼ਹਿਰ ਦੇ ਨਾਲ ਲੱਗਦੇ ਖੇਤਾਂ ’ਚ ਅੱਗ ਲਗਾਉਣ ਕਾਰਨ ਵਧਣ ਵਾਲੇ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਿਟੀ-1 ਬਰਨਾਲਾ ਦੀ ਪੁਲਸ ਨੇ ਨੋਡਲ ਅਫਸਰਾਂ ਅਤੇ ਕਲੱਸਟਰ ਅਫਸਰ ਗੁਰਮੀਤ ਸਿੰਘ ਵੱਲੋਂ ਮਿਲੇ ਚਲਾਨਾਂ ਦੇ ਆਧਾਰ ’ਤੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ।

ਪ੍ਰਸ਼ਾਸਨ ਦੀ ਸਖਤ ਚਿਤਾਵਨੀ : ਵਾਤਾਵਰਣ ਨਾਲ ਖਿਲਵਾੜ ਬਰਦਾਸ਼ਤ ਨਹੀਂ

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਾਹਿਰਾਂ ਅਨੁਸਾਰ, ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਹਵਾ ’ਚ ਜ਼ਹਿਰੀਲਾ ਧੂੰਆਂ ਫੈਲਦਾ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਨੋਡਲ ਅਫਸਰਾਂ ਨੇ ਸਪੱਸ਼ਟ ਕੀਤਾ ਹੈ ਕਿ ਸੈਟੇਲਾਈਟ ਰਾਹੀਂ ਹਰ ਇਕ ਖੇਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਵੀ ਵਿਅਕਤੀ ਭਵਿੱਖ ’ਚ ਅਜਿਹੀ ਕੋਤਾਹੀ ਕਰੇਗਾ, ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


author

Anmol Tagra

Content Editor

Related News