ਪੰਜਾਬ ਦੇ ਅਗਨੀਵੀਰ ਦੀ ਡਿਊਟੀ ਦੌਰਾਨ ਮੌਤ! ਪਰਿਵਾਰ ਵੱਲੋਂ ਸ਼ਹੀਦ ਦਾ ਦਰਜਾ ਦੇਣ ਦੀ ਮੰਗ

Thursday, Jun 18, 2026 - 11:46 AM (IST)

ਪੰਜਾਬ ਦੇ ਅਗਨੀਵੀਰ ਦੀ ਡਿਊਟੀ ਦੌਰਾਨ ਮੌਤ! ਪਰਿਵਾਰ ਵੱਲੋਂ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਬਰਨਾਲਾ (ਪੁਨੀਤ): ਪੰਜਾਬ ਦੇ ਰਹਿਣ ਵਾਲੇ ਇਕ 22 ਸਾਲਾ ਅਗਨੀਵੀਰ ਦੀ ਫ਼ੌਜ ਵਿਚ ਡਿਊਟੀ ਦੌਰਾਨ ਮੌਤ ਹੋ ਗਈ ਹੈ। ਅਗਨੀਵੀਰ ਜਸ਼ਨਪ੍ਰੀਤ ਸਿੰਘ ਬਰਨਾਲਾ ਦੀ ਰਾਧਾ ਕਾਲੋਨੀ ਦਾ ਰਹਿਣ ਵਾਲਾ ਸੀ ਤੇ ਫ਼ੌਜੀ ਪਰਿਵਾਰ ਨਾਲ ਹੀ ਸਬੰਧਤ ਸੀ। 

ਅਗਨੀਵੀਰ ਫ਼ੌਜੀ ਜਸ਼ਪ੍ਰੀਤ ਦੇ ਪਿਤਾ ਬੂਟਾ ਸਿੰਘ ਤੇ ਵੱਡੇ ਭਰਾ ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਕੁੱਲ ਤਿੰਨ ਫ਼ੌਜੀ ਸਨ। ਪਹਿਲਾਂ ਜਸ਼ਨਪ੍ਰੀਤ ਦੇ ਪਿਤਾ ਬੂਟਾ ਸਿੰਘ 19 ਸਾਲ ਫ਼ੌਜ ਵਿਚ ਸੇਵਾ ਦੇ ਚੁੱਕੇ ਹਨ। ਇਸ ਵੇਲੇ ਉਸ ਦਾ ਵੱਡਾ ਭਰਾ ਅਰਸ਼ਦੀਪ ਸਿੰਘ ਵੀ ਇਸ ਵੇਲੇ ਫ਼ੌਜ ਵਿਚ ਡਿਊਟੀ ਨਿਭਾਅ ਰਿਹਾ ਹੈ। ਦੇਸ਼ ਸੇਵਾ ਦੇ ਜਜ਼ਬੇ ਨਾਲ ਜਸ਼ਨਪ੍ਰੀਤ ਸਿੰਘ ਵੀ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਡੇਢ ਸਾਲ ਪਹਿਲਾਂ ਅਗਨੀਵੀਰ ਵਜੋਂ ਫ਼ੌਜ ਵਿਚ ਭਰਤੀ ਹੋਇਆ ਸੀ। 

ਇਸ ਮੰਦਭਾਗੀ ਘਟਨਾ ਮਗਰੋਂ ਪਰਿਵਾਰ ਨੇ ਮੰਗ ਕਰਦਿਆਂ ਕਿਹਾ ਕਿ ਜਸ਼ਨਪ੍ਰੀਤ ਸਿੰਘ ਦੀ ਮੌਤ ਫ਼ੌਜ ਵਿਚ ਡਿਊਟੀ ਦੌਰਾਨ ਟ੍ਰੇਨਿੰਗ ਦੇ ਵੇਲੇ ਹਾਰਟ ਅਟੈਕ ਆਉਣ ਕਾਰਨ ਹੋਈ ਹੈ, ਇਸ ਲਈ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਜਸ਼ਨਪ੍ਰੀਤ ਸਿੰਘ ਦੀ ਉੱਤਰ ਪ੍ਰਦੇਸ਼ ਦੇ ਫ਼ਤਹਿਗੜ੍ਹ ਵਿਚ ਟ੍ਰੇਨਿੰਗ ਚੱਲ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਫ਼ੌਜ ਦੇ ਅਫ਼ਸਰਾਂ ਵੱਲੋਂ ਜਸ਼ਨਪ੍ਰੀਤ ਸਿੰਘ ਦੇ ਨਾਲ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸ ਮਗਰੋਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜਸ਼ਨਪ੍ਰੀਤ ਸਿੰਘ ਦੀ ਮਾਂ ਚਰਨਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਿਸੇ ਦਾ ਪੁੱਤਰ ਵੀ ਆਪਣੀ ਮਾਂ ਤੋਂ ਵੱਖ ਨਾ ਹੋਵੇ, ਉਨ੍ਹਾਂ ਨੂੰ ਆਪਣੇ ਪੁੱਤਰ ਦੇ ਜਾਣ ਦਾ ਬਹੁਤ ਦੁੱਖ ਹੈ।

ਅੱਜ ਪਰਿਵਾਰ ਵੱਲੋਂ ਧਾਰਮਿਕ ਰਸਮਾਂ ਰਵਾਜਾਂ ਦੇ ਨਾਲ ਜਸ਼ਨਪ੍ਰੀਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਫ਼ੌਜ ਵੱਲੋਂ ਵੀ ਉਸ ਨੂੰ ਸਲਾਮੀ ਦਿੱਤੀ ਜਾਵੇਗੀ। ਪਰਿਵਾਰ ਵੱਲੋਂ ਜਿੱਥੇ ਜਸ਼ਨਪ੍ਰੀਤ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ, ਫ਼ਿਲਹਾਲ ਇਸ ਸਬੰਧੀ ਫ਼ੌਜ ਦੇ ਕਿਸੇ ਅਫ਼ਸਰ ਦਾ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ। ਮੈਡੀਕਲ ਰਿਪੋਰਟ ਤੇ ਫ਼ੌਜ ਦੇ ਅਫ਼ਸਰਾਂ ਦੇ ਬਿਆਨ ਮਗਰੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। 


author

Anmol Tagra

Content Editor

Related News