ਭਵਾਨੀਗੜ੍ਹ ਵਾਸੀਆਂ ਦੇ ਸੰਘਰਸ਼ ਦੀ ਵੱਡੀ ਜਿੱਤ! ਹਾਈਵੇਅ ਬਣਾਉਣ ਦਾ ਕੰਮ ਸ਼ੁਰੂ

Thursday, Jun 11, 2026 - 02:26 PM (IST)

ਭਵਾਨੀਗੜ੍ਹ ਵਾਸੀਆਂ ਦੇ ਸੰਘਰਸ਼ ਦੀ ਵੱਡੀ ਜਿੱਤ! ਹਾਈਵੇਅ ਬਣਾਉਣ ਦਾ ਕੰਮ ਸ਼ੁਰੂ

ਭਵਾਨੀਗੜ੍ਹ (ਕਾਂਸਲ): ਭਵਾਨੀਗੜ੍ਹ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਨੰਬਰ 7 ਦੇ  ਫਲਾਈਓਵਰ ਓਵਰਬ੍ਰਿਜ ਹੇਠਾਂ ਨਾਭਾ ਬਾਈਪਾਸ ਸਥਿਤ ਰਾਸ਼ਟਰੀ ਰਾਜਮਾਰਗ ਦੀ ਬਦਹਾਲੀ ਖ਼ਿਲਾਫ਼ ਚੱਲੇ ਲੋਕ ਸੰਘਰਸ਼ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਜੰਗੀ ਪੱਧਰ 'ਤੇ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰ ਦਿੱਤੀ। ਸਮਾਜ ਸੇਵੀ ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ ਦੀ ਅਗਵਾਈ ਹੇਠ ਚੱਲੇ ਅੰਦੋਲਨ ਨੇ ਆਖ਼ਰਕਾਰ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ।

ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ ਨੇ ਦੱਸਿਆ ਕਿ ਇਸ ਵਾਰ ਸੜਕ ਦੀ ਉਸਾਰੀ ਲਈ ਹੈਵੀ ਡਿਊਟੀ ਟਾਈਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਮੀਂਹ ਦੇ ਪਾਣੀ ਕਾਰਨ ਸੜਕ ਦੇ ਵਾਰ-ਵਾਰ ਟੁੱਟਣ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਵੱਲੋਂ ਇਕ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਸੜਕ ਲੰਬੇ ਸਮੇਂ ਤੱਕ ਟਿਕਾਊ ਰਹੇਗੀ। ਉਨ੍ਹਾਂ ਦੱਸਿਆ ਕਿ ਹਾਈਵੇਅ ਦੇ ਨਾਲ ਲੱਗਦੀਆਂ ਸਟੋਰਮ ਸਾਈਡ ਨਾਲੀਆਂ ਉੱਪਰ ਸਲੈਬਾਂ ਰੱਖਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਕੁਝ ਹਿੱਸਿਆਂ ਵਿਚ ਨਵਾਂ ਸੀਵਰੇਜ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਭਵਾਨੀਗੜ੍ਹ ਦੀ ਜਨਤਾ ਦੇ ਹੱਕਾਂ ਦੀ ਲੜਾਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਸਵਾਲ ਕੀਤਾ ਸੀ ਕਿ "ਜਦੋਂ ਲੋਕਾਂ ਨੂੰ ਸੁਰੱਖਿਅਤ ਸੜਕ ਹੀ ਨਹੀਂ ਮਿਲ ਰਹੀ, ਤਾਂ ਉਨ੍ਹਾਂ ਤੋਂ ਟੋਲ ਟੈਕਸ ਕਿਉਂ ਵਸੂਲਿਆ ਜਾ ਰਿਹਾ ਹੈ?" ਜਨਤਾ ਦੀ ਇਸ ਆਵਾਜ਼ ਅਤੇ ਹਾਈਕੋਰਟ ਵਿਚ ਕੇਸ ਦਾਇਰ ਕਰਨ ਦੀ ਚਿਤਾਵਨੀ ਤੋਂ ਬਾਅਦ ਪ੍ਰਸ਼ਾਸਨ ਨੂੰ ਹਰਕਤ ਵਿਚ ਆਉਣਾ ਪਿਆ। ਉਨ੍ਹਾਂ ਇਸ ਮੌਕੇ 'ਤੇ 'ਜਗ ਬਾਣੀ ਤੇ ਹੋਰ ਮੀਡੀਆ ਅਦਾਰਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਵੱਲੋਂ ਇਸ ਜਾਨਲੇਵਾ ਸਮੱਸਿਆ ਨੂੰ ਲਗਾਤਾਰ ਉਠਾਉਣ ਕਾਰਨ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ। ਇਸ ਦੇ ਨਤੀਜੇ ਵਜੋਂ ਐਸ.ਡੀ.ਐਮ. ਭਵਾਨੀਗੜ੍ਹ ਨੂੰ ਵੀ ਨਗਰ ਕੌਂਸਲ ਦੀ ਲਾਪਰਵਾਹੀ ਸਬੰਧੀ ਸਖ਼ਤ ਰਿਪੋਰਟ ਜਾਰੀ ਕਰਨੀ ਪਈ।

ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ ਨੇ ਸਪੱਸ਼ਟ ਕੀਤਾ ਕਿ ਭਾਵੇਂ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ, ਪਰ ਉਹ ਇਸ ਪ੍ਰੋਜੈਕਟ ਦੀ ਗੁਣਵੱਤਾ ਅਤੇ ਪ੍ਰਗਤੀ 'ਤੇ ਲਗਾਤਾਰ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਵਾਨੀਗੜ੍ਹ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੁਵਿਧਾਜਨਕ ਰਸਤਾ ਨਹੀਂ ਮਿਲ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਨਿਗਰਾਨੀ ਅਤੇ ਸੰਘਰਸ਼ ਜਾਰੀ ਰਹੇਗਾ।


author

Anmol Tagra

Content Editor

Related News