ਬਰਨਾਲਾ ਦੇ ਪਿੰਡ ਵਿਚ ਨਹਿਰੀ ਖਾਲਾ ਬਣਾਉਣ ਨੂੰ ਲੈ ਕੇ ਭੱਖਿਆ ਮਾਹੌਲ
Thursday, Jun 18, 2026 - 06:37 PM (IST)
ਬਰਨਾਲਾ (ਪੁਨੀਤ): ਬਰਨਾਲਾ ਦੇ ਕਰੀਬੀ ਪਿੰਡ ਕਾਹਨੇ-ਕੇ ਵਿਚ ਖੇਤ ਵਿਚ ਨਹਿਰੀ ਖਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਇਕ ਧਿਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖੇਤ ਵਿਚ ਬੀਜੀ ਫ਼ਸਲ ਨੂੰ ਉਜਾੜ ਕੇ ਜ਼ਬਰਦਸਤੀ ਖਾਲਾ ਪਾਇਆ ਜਾ ਰਿਹਾ ਹੈ, ਉੱਥੇ ਹੀ ਦੂਜੀ ਧਿਰ ਨੇ ਕਿਹਾ ਕਿ 30-35 ਸਾਲ ਪਹਿਲਾਂ ਤਕ ਇਸ ਜਗ੍ਹਾ 'ਤੇ ਖਾਲਾ ਹੁੰਦਾ ਸੀ, ਜਿਸ ਨੂੰ ਪਹਿਲੀ ਧਿਰ ਨੇ ਬੰਦ ਕਰਰ ਦਿੱਤਾ ਸੀ।
ਇਸ ਮੌਕੇ ਕਿਸਾਨ ਹਰਦੀਪ ਸਿੰਘ ਤੇ ਬਲਵੀਰ ਸਿੰਘ ਨੇ ਕਿਹਾ ਕਿ ਨਹਿਰੀ ਵਿਭਾਗ ਨੇ ਦੂਜੀ ਧਿਰ ਨਾਲ ਰਲ਼ ਕੇ ਮਿਲੀਭੁਗਤ ਨਾਲ ਉਨ੍ਹਾਂ ਦੇ ਖੇਤ ਵਿਚ ਬੀਜੀ ਗਈ ਫ਼ਸਲ ਨੂੰ ਉਜਾੜ ਕੇ ਜ਼ਬਰਦਸਤੀ ਨਹਿਰੀ ਖਾਲਾ ਪਾਇਆ ਜਾ ਰਿਹਾ ਹੈ, ਇਸ ਨੂੰ ਲੈ ਕੇ ਉਨ੍ਹਾਂ ਨੇ ਮਾਣਯੋਗ ਹਾਈ ਕੋਰਟ ਵਿਚ ਵੀ ਇਸ ਸਬੰਧੀ ਅਪੀਲ ਦਾਖ਼ਲ ਕੀਤੀ ਸੀ। ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦੇ-ਪੜਦਾਦੇ ਵੇਲੇ ਇਹ ਖਾਲਾ ਨਹੀਂ ਸੀ। ਉਨ੍ਹਾਂ ਦੇ 16 ਏਕੜ ਰਕਬੇ ਵਿਚ ਇਹ 4 ਏਕੜ ਦੀ ਵਾਹੀਯੋਗ ਜ਼ਮੀਨ ਵਿਚ ਇਹ ਖਾਲਾ ਜ਼ਬਰਦਸਤੀ ਪਾਇਆ ਜਾ ਰਿਹਾ ਹੈ। ਬਲਵੀਰ ਸਿੰਘ ਨੇ ਵੀ ਕਿਹਾ ਕਿ 50 ਸਾਲ ਤਕ ਇੱਥੇ ਕੋਈ ਖਾਲਾ ਨਹੀਂ ਸੀ ਤੇ ਹੁਣ ਜ਼ਬਰਦਸਤੀ ਇਹ ਖਾਲਾ ਪਾਇਆ ਜਾ ਰਿਹਾ ਹੈ। ਅਫ਼ਸਰਾਂ ਨੇ ਉਨ੍ਹਾਂ ਨੂੰ ਕੋਈ ਨਕਸ਼ਾ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਅੰਡਰਗ੍ਰਾਂਊਡ ਪਾਈਪਾਂ ਰਾਹੀਂ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਪਹੁੰਚਾਉਣਾ ਚਾਹੇ ਤਾਂ ਉਹ ਪੂਰਾ ਸਹਿਯੋਗ ਕਰਨ ਲਈ ਤਿਆਰ ਨਹੀਂ, ਪਰ ਇਸ ਤਰ੍ਹਾਂ ਜ਼ਬਰਦਸਤੀ ਖਾਲਾ ਬਣਾਉਣਾ ਸ਼ਰੇਆਮ ਧੱਕੇਸ਼ਾਹੀ ਹੈ।
ਉੱਥੇ ਹੀ ਦੂਜੀ ਧਿਰ ਦੇ ਕਿਸਾਨ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ 1976 ਦੇ ਰਿਕਾਰਡ ਮਗਰੋਂ ਨਹਿਰੀ ਪਾਣੀ ਦਾ ਹੱਕ ਉਨ੍ਹਾਂ ਦੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸੀ। 30-35 ਸਾਲ ਪਹਿਲਾਂ ਇਹ ਖਾਲਾ ਦੂਜੀ ਧਿਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਸਰਕਾਰ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ, ਐੱਸ. ਡੀ. ਐੱਮ. ਤੇ ਐਕਸੀਅਨ ਦੇ ਕੋਲ ਅਪੀਲ ਕੀਤੀ ਸੀ। ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੇ ਹੁਕਮਾਂ ਤਹਿਤ ਹੀ ਅੱਜ ਨਹਿਰੀ ਵਿਭਾਗ ਤੇ ਪੁਲਸ ਪ੍ਰਸ਼ਾਸਨ ਦੀ ਅਗਵਾਈ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਇਹ ਖਾਲਾ ਪਾਇਆ ਗਿਆ ਹੈ, ਜਿਸ ਨਾਲ 10 ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਭ ਕੁਝ ਕਾਨੂੰਨ ਮੁਤਾਬਕ ਹੋਇਆ ਹੈ।
ਇਸ ਮੌਕੇ ਨਹਿਰੀ ਵਿਭਾਗ ਦੇ ਧਨੌਲਾ ਜ਼ਿਲ੍ਹੇਦਾਰ ਭਾਵਿੰਦਰ ਦੇਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖਾਲਾ ਉੱਚ-ਅਫ਼ਸਰਾਂ ਦੇ ਹੁਕਮਾਂ ਤਹਿਤ ਬਹਾਲ ਕਰਵਾਇਆ ਗਿਆ ਹੈ। ਇਸ ਖਾਲੇ ਨਾਲ ਅੱਗੇ ਦੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਫ਼ਰਵਰੀ ਮਹੀਨੇ ਵਿਚ ਹੋਇਆ ਸੀ। ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਤੇ ਕਾਨੂੰਨ ਮੁਤਾਬਕ ਹੀ ਖਾਲਾ ਪਾਇਆ ਗਿਆ ਹੈ।
