ਗੁਰਦੁਆਰਾ ਆਕੀਗੜ੍ਹ ਸਾਹਿਬ ਦੇ ਸੱਚਖੰਡ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਹੁੰਚਿਆ ਨੁਕਸਾਨ

Wednesday, Jun 10, 2026 - 01:58 PM (IST)

ਗੁਰਦੁਆਰਾ ਆਕੀਗੜ੍ਹ ਸਾਹਿਬ ਦੇ ਸੱਚਖੰਡ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਹੁੰਚਿਆ ਨੁਕਸਾਨ

ਮਹਿਲ ਕਲਾਂ (ਹਮੀਦੀ)– ਪਿੰਡ ਮੂੰਮ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਆਕੀਗੜ੍ਹ ਸਾਹਿਬ ਦੇ ਸੱਚਖੰਡ ਅੰਦਰ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਪੱਖੇ ਵਿਚ ਹੋਏ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਨੂੰ ਸੇਕ ਲੱਗਣ ਕਾਰਨ ਨੁਕਸਾਨ ਪਹੁੰਚਿਆ, ਜਦਕਿ ਸੱਚਖੰਡ ਵਿਚ ਸੁਸ਼ੋਭਿਤ 11 ਹੋਰ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਰਹੇ।

ਘਟਨਾ ਦਾ ਪਤਾ ਲੱਗਦਿਆਂ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬਾਅਦ ਵਿਚ ਸੇਕ ਲੱਗੇ ਸਰੂਪ ਨੂੰ ਪੂਰੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਿੰਘ ਸਾਹਿਬਾਨ ਸੰਤ ਬਾਬਾ ਟੇਕ ਸਿੰਘ ਧਨੌਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ (ਹਲਕਾ ਚੰਨਣਵਾਲ), ਐੱਸ.ਜੀ.ਪੀ.ਸੀ. ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ (ਹਲਕਾ ਭਦੌੜ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਵਿਸ਼ੇਸ਼ ਤੌਰ 'ਤੇ ਮੌਕੇ 'ਤੇ ਪਹੁੰਚੇ। 

ਇਸ ਮੌਕੇ ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਘਰ ਅੰਦਰ ਵਾਪਰੀ ਇਹ ਘਟਨਾ ਸਮੁੱਚੀ ਸਿੱਖ ਕੌਮ ਲਈ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਹੈ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਨੂੰ 16 ਜੂਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਾਜ਼ਰ ਹੋਣ ਲਈ ਤਲਬ ਕਰਨ ਦਾ ਫੈਸਲਾ ਸੁਣਾਇਆ। ਐੱਸ.ਜੀ.ਪੀ.ਸੀ. ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਪੱਖੇ ਵਿਚ ਹੋਏ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਸਰੂਪ ਨੂੰ ਸੇਕ ਲੱਗੀ ਹੈ, ਜੋ ਬਹੁਤ ਹੀ ਦੁਖਦਾਈ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੀ ਤੁਰੰਤ ਕਾਰਵਾਈ ਸਦਕਾ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। 

ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਰਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਗੁਰਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਦੀ ਸਮਾਪਤੀ ਤੋਂ ਬਾਅਦ ਜਦੋਂ ਪ੍ਰਬੰਧਕ ਸੱਚਖੰਡ ਤੋਂ ਬਾਹਰ ਆਏ ਤਾਂ ਇਕ ਲੜਕੀ ਮੱਥਾ ਟੇਕਣ ਲਈ ਅੰਦਰ ਗਈ। ਉਸ ਨੇ ਦੇਖਿਆ ਕਿ ਸੱਚਖੰਡ ਵਿਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਹਾਲਾਂਕਿ ਇਕ ਸਰੂਪ ਨੂੰ ਸੇਕ ਲੱਗਣ ਕਾਰਨ ਨੁਕਸਾਨ ਹੋਇਆ, ਪਰ ਬਾਕੀ 11 ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਰਹੇ। 

ਇਸ ਮੌਕੇ ਸਾਬਕਾ ਡਿਪਟੀ ਚੇਅਰਮੈਨ ਲਸਮਣ ਸਿੰਘ ਮੂੰਮ, ਸਰਪੰਚ ਲਖਬੀਰ ਸਿੰਘ, ਸੁਖਪਾਲ ਸਿੰਘ ਸੇਖੋ ਅਤੇ ਬਾਬਾ ਗੁਰਦੀਪ ਸਿੰਘ ਮੂੰਮ ਨੇ ਵੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਗੁਰੂ ਘਰਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਮੂਹ ਸੰਗਤ ਲਈ ਗਹਿਰੇ ਦੁੱਖ ਦਾ ਵਿਸ਼ਾ ਹੈ। ਅਖੀਰ ਪਿੰਡ ਵਾਸੀਆਂ ਦੀ ਹਾਜਰੀ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੁਕਮਾਂ ਤੇ ਅਰਦਾਸ ਬੇਨਤੀ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਈ ਭੇਜਿਆ ਗਿਆ। ਸੰਗਤਾਂ ਦੇ ਭਰੇ ਮਨ ਅਤੇ ਪਛਚਾਤਾਪ ਕਰਦਿਆਂ ਪਵਿੱਤਰ ਸਰੂਪ ਨੂੰ ਰਵਾਨਾ ਕੀਤਾ। ਇਸ ਮੌਕੇ ਪੁਲਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਐਸਸੀ-ਬੀਸੀ ਸੈੱਲ ਦੇ ਹਲਕਾ ਪ੍ਰਧਾਨ ਕੁਲਵੰਤ ਸਿੰਘ ਜਗਦੇ, ਆੜ੍ਹਤੀਆ ਰਵਿੰਦਰ ਸਿੰਘ ਸੇਖੋ, ਬਲਾਕ ਸੰਮਤੀ ਮੈਂਬਰ ਗੁਰਤੇਜ ਸਿੰਘ, ਜਗਦੀਸ਼ ਸਿੰਘ, ਹਰਜਿੰਦਰ ਸਿੰਘ ਖਾਲਸਾ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗ੍ਰਾਮ ਪੰਚਾਇਤ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।


author

Anmol Tagra

Content Editor

Related News