ਮਹਿਲ ਕਲਾਂ ਪੁਲਸ ਨੇ ਲੁੱਟ-ਖੋਹ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਸਕੂਲ ਚੋਰੀ ਕਾਂਡ ਵੀ ਸੁਲਝਾਇਆ

Wednesday, Jun 24, 2026 - 04:06 PM (IST)

ਮਹਿਲ ਕਲਾਂ ਪੁਲਸ ਨੇ ਲੁੱਟ-ਖੋਹ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਸਕੂਲ ਚੋਰੀ ਕਾਂਡ ਵੀ ਸੁਲਝਾਇਆ

ਮਹਿਲ ਕਲਾਂ (ਹਮੀਦੀ/ਲਕਸ਼ਦੀਪ): ਮਹਿਲ ਕਲਾਂ ਪੁਲਸ ਨੂੰ ਦੋ ਵੱਡੀਆਂ ਸਫ਼ਲਤਾਵਾਂ ਹਾਸਲ ਹੋਈਆਂ ਹਨ। ਇਕ ਪਾਸੇ ਥਾਣਾ ਠੁੱਲੀਵਾਲ ਪੁਲਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਦਕਿ ਦੂਜੇ ਪਾਸੇ ਥਾਣਾ ਮਹਿਲ ਕਲਾਂ ਪੁਲਸ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਥਾਣਾ ਮਹਿਲ ਕਲਾਂ ਵਿਖੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਸਤਵਿੰਦਰ ਸਿੰਘ ਵਿਰਕ, ਇੰਸਪੈਕਟਰ ਗੁਰਪਾਲ ਸਿੰਘ ਧਨੌਲਾ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਠੁੱਲੀਵਾਲ ਪੁਲਸ ਨੂੰ ਇਕ ਭਰੋਸੇਯੋਗ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਿੰਡ ਹਮੀਦੀ ਤੋਂ ਗੁਰਮਾਂ ਨੂੰ ਜਾਂਦੀ ਡਰੇਨ ਨੇੜੇ ਸੁੰਨਸਾਨ ਥਾਂ 'ਤੇ ਇਕੱਠੇ ਹੋ ਕੇ ਲੁੱਟ-ਖੋਹ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਤੁਰੰਤ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਹਰਮਨਪਾਲ ਸਿੰਘ ਉਰਫ਼ ਹਰਮਨ, ਦਲੇਰ ਸਿੰਘ ਉਰਫ਼ ਹੈਪੀ, ਸ਼ਮਸ਼ੇਰ ਸਿੰਘ ਅਤੇ ਜਤਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਜਸਪਾਲ ਦਾਸ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਤਿੰਨ ਚੋਰੀਸ਼ੁਦਾ ਬਿਨਾਂ ਨੰਬਰੀ ਮੋਟਰਸਾਈਕਲ, ਚਾਰ ਟੱਚ ਸਕਰੀਨ ਮੋਬਾਈਲ ਫੋਨ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਠੁੱਲੀਵਾਲ ਵਿਖੇ ਮੁਕੱਦਮਾ ਨੰਬਰ 47 ਮਿਤੀ 23 ਜੂਨ 2026 ਅਧੀਨ ਧਾਰਾ 303(2), 310(4), 310(5) ਅਤੇ 317(3) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਸੇ ਤਰ੍ਹਾਂ ਥਾਣਾ ਮਹਿਲ ਕਲਾਂ ਪੁਲਿਸ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚ ਹੋਈ ਚੋਰੀ ਦੀ ਗੁੱਥੀ ਸੁਲਝਾਉਂਦਿਆਂ ਪ੍ਰਭਜੋਤ ਸਿੰਘ ਉਰਫ਼ ਮੋਟਾ ਅਤੇ ਸੰਦੀਪ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਦੋਵਾਂ ਨੇ ਸਕੂਲ ਵਿਚੋਂ 7 ਕੁਇੰਟਲ ਕਣਕ ਅਤੇ ਇਕ ਗੈਸ ਸਿਲੰਡਰ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਰਸ਼ਦੀਪ ਸਿੰਘ ਉਰਫ਼ ਆਸੂ ਵਾਸੀ ਲੀਰਾਂ ਜ਼ਿਲ੍ਹਾ ਲੁਧਿਆਣਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਇਹ ਮੁਹਿੰਮ ਭਵਿੱਖ ਵਿੱਚ ਵੀ ਹੋਰ ਤੇਜ਼ੀ ਨਾਲ ਜਾਰੀ ਰਹੇਗੀ। ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐਸਆਈ ਜਸਵਿੰਦਰ ਸਿੰਘ, ਹੌਲਦਾਰ ਦੀਪ ਸਿੰਘ, ਥਾਣਾ ਮਹਿਲ ਕਲਾਂ ਦੇ ਕਰਮਚਾਰੀ ਲਾਭ ਸਿੰਘ, ਬਲਕੌਰ ਸਿੰਘ ਮੁਨਸੀ ਗੁਰਦੀਪ ਸਿੰਘ ਵੀਹਾਜਰ ਸਨ।


author

Anmol Tagra

Content Editor

Related News