ਅਣਪਛਾਤੇ ਨੌਜਵਾਨਾਂ ਨੇ ਸਰਪੰਚ ’ਤੇ ਚਲਾਈ ਗੋਲੀ, ਗੰਭੀਰ ਜ਼ਖਮੀ

Tuesday, Apr 29, 2025 - 01:18 PM (IST)

ਅਣਪਛਾਤੇ ਨੌਜਵਾਨਾਂ ਨੇ ਸਰਪੰਚ ’ਤੇ ਚਲਾਈ ਗੋਲੀ, ਗੰਭੀਰ ਜ਼ਖਮੀ

ਅਬੋਹਰ (ਸੁਨੀਲ) : ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਭਾਗਸਰ ’ਚ ਬੀਤੀ ਰਾਤ ਨਕਾਬਪੋਸ਼ ਹਮਲਾਵਰਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਸਰਪੰਚ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਬਹਾਵਲਵਾਲਾ ਥਾਣੇ ਦੀ ਪੁਲਸ ਵੀ ਹਸਪਤਾਲ ਪਹੁੰਚ ਗਈ।
ਜਾਣਕਾਰੀ ਅਨੁਸਾਰ ਪਿੰਡ ਭਾਗਸਰ ਦੇ ਮੌਜੂਦਾ ਸਰਪੰਚ ਸੁਧੀਰ ਕੁਕਣਾ ਬੀਤੀ ਰਾਤ ਆਪਣੇ ਖੇਤ ਤੋਂ ਕਾਰ ’ਚ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ’ਚ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਉਸ ਨੇ ਕਾਰ ਰੋਕੀ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਇਕ ਨੌਜਵਾਨ ਨੇ ਆਪਣੀ ਪਿਸਤੌਲ ਤੋਂ ਉਸ ’ਤੇ ਗੋਲੀ ਚਲਾਈ, ਜੋ ਉਸ ਦੇ ਮੋਢੇ ’ਤੇ ਲੱਗੀ ਅਤੇ ਉਹ ਖੂਨ ਨਾਲ ਲੱਥਪਥ ਡਿੱਗ ਪਿਆ ਅਤੇ ਹਮਲਾਵਰ ਨੌਜਵਾਨ ਮੌਕੇ ਤੋਂ ਭੱਜ ਗਏ। ਫਾਇਰ ਹੋਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।

ਸਰਪੰਚ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੁਧੀਰ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ, ਉਨ੍ਹਾਂ ਦੇ ਵੱਡੇ ਭਰਾ ਜੈ ਸਿੰਘ ਨੇ ਤੁਰੰਤ ਜ਼ਖਮੀ ਸੁਧੀਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫ਼ਰ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਹਾਵਵਾਲਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਪੰਚ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਹੈ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਨੌਜਵਾਨਾਂ ਨੇ ਇਹ ਘਟਨਾ ਕਿਉਂ ਕੀਤੀ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


author

Babita

Content Editor

Related News