ਜਲਾਲਾਬਾਦ: ਪਤੀ-ਪਤਨੀ ਦਾ ਘਰੇਲੂ ਕਲੇਸ਼ ਕਾਰਨ ਖੂਨੀ ਟਕਰਾਅ, 2 ਔਰਤਾਂ ਸਮੇਤ 4 ਲੋਕ ਜ਼ਖ਼ਮੀ

Saturday, Mar 07, 2026 - 08:05 PM (IST)

ਜਲਾਲਾਬਾਦ: ਪਤੀ-ਪਤਨੀ ਦਾ ਘਰੇਲੂ ਕਲੇਸ਼ ਕਾਰਨ ਖੂਨੀ ਟਕਰਾਅ, 2 ਔਰਤਾਂ ਸਮੇਤ 4 ਲੋਕ ਜ਼ਖ਼ਮੀ

ਜਲਾਲਾਬਾਦ (ਆਦਰਸ਼, ਜਤਿੰਦਰ): ਥਾਣਾ ਸਿਟੀ ਜਲਾਲਾਬਾਦ ਦੀ ਹਦੂਦ ਅੰਦਰ ਪੈਂਦੇ ਪਿੰਡ ਹਿਸਾਨ ਵਾਲਾ ਦੇ ਫਾਟਕ ਕੋਲ ਬੀਤੇ ਦਿਨੀਂ ਪਤੀ-ਪਤਨੀ ਦੇ ਘਰੇਲੂ ਕਲੇਸ਼ ਦੇ ਚੱਲਦੇ 2 ਧਿਰਾਂ ਦਰਮਿਆਨ ਹੋਏ ਵਿਵਾਦ ਵਿੱਚ 2 ਔਰਤਾਂ ਸਮੇਤ 4 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਲੜਾਈ ਝਗੜੇ ਦੌਰਾਨ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਤਨੀ ਨੇ ਖਾਤੇ 'ਚੋਂ ਕਢਵਾਏ ਪੈਸੇ ਅਤੇ ਰਸਤੇ 'ਚ ਕੀਤਾ ਹਮਲਾ 
ਹਸਪਤਾਲ 'ਚ ਇਲਾਜ ਅਧੀਨ ਬਿੰਦਰ ਸਿੰਘ ਨੇ ਆਪਣੀ ਪਤਨੀ ਮੋਨਿਕਾ ਰਾਣੀ 'ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਰੁੱਸ ਕੇ ਆਪਣੇ ਪੇਕੇ ਘਰ ਬੈਠੀ ਹੈ। ਬਿੰਦਰ ਨੇ ਦੱਸਿਆ ਕਿ ਉਹ ਬੈਂਕ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਨੇ ਉਸ ਦੇ ਖਾਤੇ ਵਿੱਚੋਂ ਯੂ.ਪੀ.ਆਈ. ਰਾਹੀਂ 20 ਹਜ਼ਾਰ ਰੁਪਏ ਕੱਢਵਾ ਲਏ ਸਨ। ਉਸ ਨੇ ਅੱਗੇ ਕਿਹਾ ਕਿ ਪੈਸੇ ਮੰਗਣ 'ਤੇ ਪਤਨੀ ਨੇ ਉਸ ਨੂੰ ਆਪਣੀ ਸਹਿਮਤੀ ਨਾਲ ਸਕੂਟਰੀ ਦਿੱਤੀ ਸੀ। ਬਿੰਦਰ ਸਿੰਘ ਮੁਤਾਬਕ ਜਦੋਂ ਉਹ ਇਸ ਮਾਮਲੇ ਦੀ ਸ਼ਿਕਾਇਤ ਥਾਣੇ ਦੇ ਕੇ ਆਪਣੀ ਮਾਤਾ ਸਿੰਦੋ ਬਾਈ ਨਾਲ ਵਾਪਸ ਘਰ ਜਾ ਰਿਹਾ ਸੀ ਤਾਂ ਉਸ ਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਰਸਤੇ ਵਿੱਚ ਰੋਕ ਲਿਆ ਅਤੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰਕੇ ਮਾਂ-ਪੁੱਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਪਤੀ ਨੇ ਜ਼ਬਰਦਸਤੀ ਖੋਹੀ ਸਕੂਟਰੀ ਅਤੇ ਲਗਾਏ ਦਾਜ ਦੇ ਇਲਜ਼ਾਮ 
ਦੂਜੇ ਪਾਸੇ ਵਿਰੋਧੀ ਧਿਰ ਦੀ ਮੋਨਿਕਾ ਰਾਣੀ ਨੇ ਆਪਣੇ ਪਤੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਘਰੇਲੂ ਕਲੇਸ਼ ਕਾਰਨ ਉਹ ਪੇਕੇ ਰਹਿ ਰਹੀ ਹੈ। ਉਸ ਨੇ ਦੱਸਿਆ ਕਿ 5 ਮਾਰਚ ਨੂੰ ਉਸ ਦਾ ਪਤੀ ਉਸ ਕੋਲੋਂ ਜ਼ਬਰਦਸਤੀ ਸਕੂਟਰੀ ਖੋਹ ਕੇ ਲੈ ਗਿਆ ਸੀ। ਮੋਨਿਕਾ ਅਨੁਸਾਰ ਜਦੋਂ ਉਹ ਇਸ ਦੀ ਦਰਖਾਸਤ ਦੇਣ ਲਈ ਥਾਣੇ ਜਾ ਰਹੀ ਸੀ, ਤਾਂ ਉਸ ਦੇ ਪਤੀ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਸ ਦੇ ਭਰਾ ਸੋਨਾਂ ਸਿੰਘ ਅਤੇ ਉਸ ਨਾਲ ਮਾਰਕੁੱਟ ਕੀਤੀ। ਮੋਨਿਕਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦਾਜ-ਦਹੇਜ ਦੀ ਮੰਗ ਕਰਨ ਸਮੇਤ ਹੋਰ ਵੀ ਸੰਗੀਨ ਦੋਸ਼ ਲਗਾਏ ਹਨ।

ਕੀ ਕਹਿਣਾ ਹੈ ਪੁਲਸ ਦਾ?
ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਅੰਗਰੇਜ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਹਸਪਤਾਲ ਤੋਂ ਐਮ.ਐਲ.ਆਰ. (MLR) ਰਿਪੋਰਟ ਪ੍ਰਾਪਤ ਹੋਣ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News