ਸੜਕ ਹਾਦਸੇ ’ਚ 18 ਸਾਲਾ ਨੌਜਵਾਨ ਦੀ ਮੌਤ, 2 ਜ਼ਖਮੀ
Monday, Mar 09, 2026 - 06:24 PM (IST)
ਅਬੋਹਰ (ਸੁਨੀਲ) : ਬੀਤੀ ਰਾਤ ਨੇੜਲੇ ਪਿੰਡ ਰਾਜਾਂਵਲੀ ਵਾਸੀ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਜਦੋਂ ਕਿ ਉਸ ਦੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ। ਇਕ ਨੌਜਵਾਨ ਦੀ ਹਾਲਤ ਗੰਭੀਰ ਹੈ ਅਤੇ ਉਸੇ ਰਾਤ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਅੱਜ ਮ੍ਰਿਤਕ ਦੇ ਪਰਿਵਾਰ ਵਾਲੇ ਪੁਲਸ ਕਾਰਵਾਈ ਜਾਂ ਪੋਸਟਮਾਰਟਮ ਤੋਂ ਬਿਨਾਂ ਲਾਸ਼ ਘਰ ਲੈ ਗਏ। ਜਾਣਕਾਰੀ ਅਨੁਸਾਰ ਪਿੰਡ ਰਾਜਾਂਵਾਲੀ ਦੇ ਸਾਬਕਾ ਸਰਪੰਚ ਪਵਨ ਡੇਲੂ ਦਾ ਪੁੱਤਰ ਦਿਵਯਾਂਸ਼ ਕੁਮਾਰ (18) ਬੀਤੀ ਰਾਤ ਆਪਣੇ ਦੋ ਦੋਸਤਾਂ ਦੀਪਕ ਪੁੱਤਰ ਓਮ ਪ੍ਰਕਾਸ਼ ਅਤੇ ਦੀਪਕ ਪੁੱਤਰ ਸੁਧੀਰ ਨਾਲ ਮੋਟਰਸਾਈਕਲ ’ਤੇ ਸ਼ਹਿਰ ਤੋਂ ਘਰ ਵਾਪਸ ਆ ਰਹੇ ਸੀ ਕਿ ਜਦੋਂ ਉਹ ਪਿੰਡ ਖਾਟਵਾਂ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਉਨ੍ਹਾਂ ਦੀ ਇਕ ਪਿਅਕੱਪ ਗੱਡੀ ਨਾਲ ਟੱਕਰ ਹੋ ਗਈ। ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ।
ਨੇੜਲੇ ਵਸਨੀਕਾਂ ਨੇ 112 ਅਤੇ ਐਂਬੂਲੈਂਸ ਡਰਾਈਵਰਾਂ ਨੂੰ ਸੂਚਿਤ ਕੀਤਾ। ਪੁਲਸ ਟੀਮ ਨੇ ਮੌਕੇ ’ਤੇ ਮੌਜੂਦ ਐਂਬੂਲੈਂਸ ਡਰਾਈਵਰਾਂ ਅਤੇ ਪਿਕਅੱਪ ਡਰਾਈਵਰ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਦਿਵਿਆਂਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਦੀਪਕ ਪੁੱਤਰ ਸੁਧੀਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ ’ਤੇ ਬਹਾਵਵਾਲਾ ਪੁਲਸ ਸਟੇਸ਼ਨ ਦੇ ਇੰਚਾਰਜ ਦਵਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਅੱਜ ਮ੍ਰਿਤਕ ਦਿਵਿਆਂਸ਼ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਅਧਿਕਾਰੀਆਂ ਨੂੰ ਕੋਈ ਵੀ ਪੁਲਸ ਕਾਰਵਾਈ ਨਾ ਕਰਨ ਅਤੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਸੌਂਪਣ ਦੀ ਬੇਨਤੀ ਕੀਤੀ, ਜਿਸ ’ਤੇ ਪੁਲਸ ਨੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
