ਤ੍ਰਾਸਦੀ, ਨਸ਼ੇ ਨੇ ਇਕ ਹੋਰ ਘਰ ਦਾ ਚੁੱਲ੍ਹਾ ਕੀਤਾ ਠੰਡਾ, ਤਿੰਨ ਬੱਚਿਆਂ ਦੇ ਪਿਓ ਦੀ ਚਿੱਟੇ ਨੇ ਲਈ ਜਾਨ
Saturday, Oct 08, 2022 - 06:33 PM (IST)
ਮਖੂ (ਵਾਹੀ) : ਹਰ ਗਲੀ ਹਰ ਮੋੜ 'ਤੇ ਸ਼ਰੇਆਮ ਵਿਕਦੇ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੇ ਪਿੰਡ ਮਾਹਲੇ ਵਾਲਾ ਵਿਖੇ ਇਕ ਹੋਰ ਘਰ ਦਾ ਚੁੱਲ੍ਹਾ ਠੰਡਾ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਬੀ. ਕੇ. ਯੂ. ਰਾਜੇਵਾਲ ਦੇ ਸੂਬਾ ਯੂਥ ਵਿੰਗ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਅਤੇ ਬੀ. ਕੇ. ਯੂ. ਕ੍ਰਾਂਤੀਕਾਰੀ ਦੀ ਆਗੂ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਭਾਲ ਕਰਦੇ ਹੋਏ ਪਹੁੰਚੇ ਤਾਂ ਤਿੰਨ ਮਾਸੂਮ ਬੱਚਿਆਂ ਦੇ ਪਿਤਾ 32 ਸਾਲਾ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਲਾਸ਼ ਝੋਨੇ ਦੇ ਖੇਤ ’ਚ ਪਈ ਸੀ। ਜਿੱਥੇ ਨੇੜੇ ਹੀ ਨਸ਼ੇ ਵਾਲੀ ਖਾਲੀ ਸਰਿੰਜ ਵੀ ਪਈ ਹੋਈ ਸੀ। ਪਤੀ ਦੀ ਮੌਤ ਕਾਰਨ ਪਤਨੀ ਮਨਜੀਤ ਕੌਰ ਸਦਮੇ ਕਾਰਨ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਜਿਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਜਾਇਆ ਗਿਆ। ਆਗੂਆਂ ਤੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਇਸ ਮੌਤ ਲਈ ਕਥਿਤ ਤੌਰ 'ਤੇ ਨਸ਼ਾ ਤਸਕਰ ਦੱਸਿਆ ਜਾਂਦਾ ਗੁਰਮੇਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿਲੇਵਿੰਡ ਜ਼ਿੰਮੇਵਾਰ ਹੈ। ਜਦਕਿ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਗੁਰਮੇਲ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਕਿਸੇ ਦੀ ਲੜਾਈ ’ਚ ਸਮਝੌਤਾ ਕਰਵਾਉਣ ਗਏ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿੱਤੀ ਦਿਲ ਕੰਬਾਊ ਮੌਤ
ਪੁਲਸ ਕਾਰਵਾਈ ਬਾਬਤ ਪੁੱਛੇ ਜਾਣ 'ਤੇ ਚੌੰਕੀ ਜੋਗੇਵਾਲਾ ਦੇ ਇੰਚਾਰਜ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਬਿਆਨਾਂ 'ਤੇ ਧਾਰਾ 304 ਅਧੀਨ ਪਰਚਾ ਦਰਜ ਕਰਕੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਥਾਣੇ ਪਹੁੰਚੇ ਸਰਪੰਚ ਬਲਵਿੰਦਰ ਸਿੰਘ ਮੁੰਡੀ ਛੁਰੀ ਮਾਰਾਂ, ਨੰਬਰਦਾਰ ਗੁਰਸੇਵਕ ਸਿੰਘ ਬੁਰਜ, ਸਾਬਕਾ ਬਲਾਕ ਸੰਮਤੀ ਮੈਂਬਰ ਡਾਕਟਰ ਸੁੱਚਾ ਸਿੰਘ, ਜਰਨੈਲ ਸਿੰਘ ਕੁੱਸੂ ਵਾਲਾ, ਪ੍ਰਗਟ ਸਿੰਘ ਤਲਵੰਡੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਸ਼ਿਆਂ ਵਿਰੁੱਧ ਵਾਰ-ਵਾਰ ਸੰਘਰਸ਼ ਕਰਦੇ ਰਹਿਣ ਦੇ ਬਾਵਜੂਦ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ। ਇਸ ਲਈ ਇਲਾਕੇ ’ਚ ਸ਼ਰੇਆਮ ਵਿਕਦੇ ਮਾਰੂ ਨਸ਼ਿਆਂ ਨੂੰ ਤੁਰੰਤ ਠੱਲ੍ਹ ਪਾਈ ਜਾਵੇ।
ਇਹ ਵੀ ਪੜ੍ਹੋ : ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵੇਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।