ਲੁਧਿਆਣੇ ''ਚ ਇਕ ਹੋਰ ਕਾਰੋਬਾਰੀ ''ਤੇ ਹਮਲਾ! ਦਿਨ-ਦਿਹਾੜੇ ਦੁਕਾਨ ''ਚ ਆ ਵੜੇ ਲੁਟੇਰੇ, ਲੋਕਾਂ ਨੇ ਕੀਤਾ ਕਾਬੂ
Friday, Feb 27, 2026 - 06:26 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਅੱਜ ਇਕ ਹੋਰ ਕਾਰੋਬਾਰੀ 'ਤੇ ਹਮਲਾ ਹੋ ਗਿਆ। ਥਾਣਾ ਦਰੇਸੀ ਦੇ ਅਧੀਨ ਆਉਂਦੇ ਇਲਾਕੇ ਕ੍ਰਿਪਾਲ ਨਗਰ ਵਿਚ ਇਕ ਲੁਟੇਰੇ ਨੇ ਕੱਪੜਾ ਕਾਰੋਬਾਰੀ ਸੰਨੀ ਪ੍ਰਜਾਪਤੀ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲਾਵਰ ਨੇ ਦੁਕਾਨ ਵਿਚ ਦਾਖਲ ਹੁੰਦੇ ਹੀ ਲੁੱਟ-ਖੋਹ ਸ਼ੁਰੂ ਕਰ ਦਿੱਤੀ, ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਸਾਹਮਣਾ ਇਕ ਜਾਂਬਾਜ਼ ਵਪਾਰੀ ਨਾਲ ਹੋਣ ਵਾਲਾ ਹੈ। ਜਦੋਂ ਸੰਨੀ ਪ੍ਰਜਾਪਤੀ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਲੁਟੇਰੇ ਦੇ ਹਵਾਲੇ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਬੌਖਲਾਏ ਲੁਟੇਰੇ ਨੇ ਹੱਥ ਵਿਚ ਫੜੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਲਹੂ-ਲੁਹਾਨ ਹਾਲਤ ਵਿਚ ਵੀ ਸੰਨੀ ਨੇ ਹਾਰ ਨਹੀਂ ਮੰਨੀ ਅਤੇ ਸ਼ੋਰ ਮਚਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਆਪਣੇ ਮਨਸੂਬਿਆਂ ਨੂੰ ਨਾਕਾਮ ਹੁੰਦੇ ਦੇਖ ਲੁਟੇਰੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਲਾਕੇ ਦੀ ਮੁਸਤੈਦ ਜਨਤਾ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਲੋਕਾਂ ਨੇ ਲੁਟੇਰੇ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕੀਤੀ। ਲੋਕਾਂ ਦੇ ਹੱਥੇ ਚੜ੍ਹੇ ਇਸ ਅਪਰਾਧੀ ਦੀ ਪਹਿਲਾਂ ਤਾਂ ਮੌਕੇ 'ਤੇ ਹੀ ਚੰਗੀ ਤਰ੍ਹਾਂ 'ਖਾਤਰਦਾਰੀ' ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਘੜੀਸਦੇ ਹੋਏ ਥਾਣਾ ਦਰੇਸੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਉੱਧਰ, ਗੰਭੀਰ ਰੂਪ ਵਿੱਚ ਜ਼ਖਮੀ ਸੰਨੀ ਪ੍ਰਜਾਪਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ 'ਤੇ ਡਾਕਟਰ ਨਜ਼ਰ ਬਣਾਈ ਬੈਠੇ ਹਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
