ਮੌਸਮ ਦੀ ਵਾਰ-ਵਾਰ ਖਰਾਬੀ ਤੇ ਕਣਕ ਕਟਾਈ ਦੀ ਜਲਦੀ ਕਾਰਨ ਨਹੀਂ ਮਿਲ ਰਿਹੈ ਮਸ਼ੀਨਰੀ ਨੂੰ ਆਰਾਮ

04/23/2018 3:57:05 PM

ਸੁਲਤਾਨਪੁਰ ਲੋਧੀ (ਧੀਰ)— ਬਰਸਾਤ ਝੱਖੜ ਅਤੇ ਹੋਰ ਕੁਦਰਤੀ ਆਫਤਾਂ ਤੋਂ ਡਰਿਆ ਹੋਇਆ ਕਿਸਾਨ ਖੇਤਾਂ 'ਚ ਪੱਕੀ ਖੜੀ ਫਸਲ ਨੂੰ ਕੱਟਣ ਲਈ ਏਨਾ ਕਾਹਲਾ ਪਿਆ ਹੋਇਆ ਹੈ ਕਿ ਉਹ ਦਿਨ ਰਾਤ ਨਾ ਆਪ ਆਰਾਮ ਕਰ ਰਿਹਾ ਹੈ ਅਤੇ ਨਾਂ ਹੀ ਆਪਣੀ ਮਸ਼ੀਨਰੀ ਨੂੰ ਆਰਾਮ ਕਰਨ ਦੇ ਰਿਹਾ ਹੈ। ਦਿਨ ਰਾਤ ਖੇਤਾਂ 'ਚ ਚੱਲਦੀਆਂ ਕੰਬਾਈਨਾਂ ਕਾਰਨ ਜਿੱਥੇ ਮਸ਼ੀਨਰੀ ਗਰਮ ਹੋ ਕੇ ਨੁਕਸਾਨੀ ਜਾਂਦੀ ਹੈ, ਉਥੇ ਹੀ ਕੰਬਾਈਨਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਅਤੇ ਸਹਾਇਕਾਂ ਦੀ ਸਰੀਰਕ ਥਕਾਵਟ ਜਾਂ ਅਨੀਂਦਰੇ ਕਾਰਨ ਖੇਤੀਬਾੜੀ ਹਾਦਸਿਆਂ 'ਚ ਵਾਧਾ ਹੈ ਰਿਹਾ ਹੈ। ਕੰਬਾਈਨ ਮਾਲਕ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਕੰਬਾਈਨ ਦਾ ਰਾਤ ਸਾਢੇ ਅੱਠ ਵਜੇ ਬੰਦ ਹੋਣਾ ਜ਼ਰੂਰੀ ਹੈ ਅਤੇ ਇਸ ਤੋਂ ਦਿਨ 'ਚ ਦੱਸ ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾਣਾ ਚਾਹੀਦਾ ਪਰ ਕਿਸਾਨ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਲਈ ਮਜਬੂਰ ਹੈ ਅਤੇ ਆਪਣੀ ਮਸ਼ੀਨਰੀ ਤੋਂ ਉਸ ਦੀ ਸਮੱਰਥਾ ਤੋਂ ਵੱਧ ਕੰਮ ਲੈ ਰਿਹਾ ਹੈ। ਕਿਸਾਨ ਸੰਘਰਸ਼ ਕਮੇਟੀ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਦਿੱਤੀ ਚੇਤਾਵਨੀ ਕਾਰਨ ਕਿਸਾਨਾਂ 'ਚ ਡਰ ਪਾਇਆ ਜਾ ਰਿਹਾ ਹੈ। ਮੌਸਮ ਦੇ ਵਾਰ ਵਾਰ ਬਦਲਦੇ ਰੁੱਖ ਕਾਰਨ ਕਿਸਾਨ ਚਿੰਤਤ ਹੈ ਅਤੇ ਉਹ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਬਰਬਾਦ ਨਹੀ ਹੋਣਾ ਦੇਖਣਾ ਚਾਹੁੰਦਾ ਹੈ ਕਿਉਂਕਿ ਫਸਲ ਖਰਾਬ ਹੋਣ ਤੋਂ ਬਾਅਦ ਫਸਲ ਦਾ ਮੁਆਵਜ਼ਾ ਵੀ ਲਾਗਤ ਕੀਮਤ ਤੋਂ ਕਿਤੇ ਘੱਟ ਮਿਲਦਾ ਹੈ। ਇਸ ਲਈ ਕਿਸਾਨ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੀਦੇ ਅਤੇ ਉਹ ਆਪਣੀ ਕਣਕ ਦੀ ਫਸਲ ਦੀ ਸੰਭਾਲ ਲਈ ਆਪਣੇ ਤੌਰ 'ਤੇ ਉਚੇਚੇ ਯਤਨ ਕਰਦੇ ਹਨ। 
ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਰਾਤ ਸਮੇਂ ਕਣਕ ਦੀ ਕਟਾਈ ਕਰਨਾ ਇਸ ਲਈ ਵੀ ਨੁਕਸਾਨ ਦੇਹ ਹੈ ਕਿ ਰਾਤ ਨੂੰ ਪਈ ਤਰੇਲ ਜਿੱਥੇ ਕਣਕ ਕਟਾਈ 'ਚ ਮੁਸ਼ਕਿਲ ਖੜ੍ਹੀ ਕਰਦੀ ਹੈ, ਉਥੇ ਹੀ ਮਸ਼ੀਨਰੀ ਦੇ ਜਾਮ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤਰੇਲ ਪਈ ਕਣਕ ਕੱਟਣ ਨਾਲ ਇਸ ਦੇ ਦਾਣੇ ਵੀ ਸੁੱਕ ਕੇ ਬਾਰੀਕ ਹੋ ਜਾਂਦੇ ਹਨ। ਕਿਸਾਨ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਕਣਕ ਕੱਢਣ ਦੀ ਕਾਹਲ ਕਾਰਨ ਕਿਸਾਨ ਹੱਥੀ ਵਾਢੀ ਦੀ ਬਜਾਏ ਕੰਬਾਈਨਾਂ 'ਤੇ ਵਧੇਰੇ ਨਿਰਭਰ ਹੋ ਗਏ ਹਨ। ਜਿਸ ਦਾ ਸਿੱਧਾ ਅਸਰ ਮਜ਼ਦੂਰ ਵਰਗ ਦੀ ਆਰਥਿਕਤਾ 'ਤੇ ਪਿਆ ਹੈ।


Related News