ਭਾਜਪਾ ਦੀ ਟਿਕਟਾਂ ਦੀ ਵੰਡ ’ਚ ਇਸ ਵਾਰ ਆਰ. ਐੱਸ. ਐੱਸ. ਦਾ ਨਹੀਂ ਸੀ ਕੋਈ ਦਖਲ
Tuesday, May 07, 2024 - 12:28 PM (IST)
ਨਵੀਂ ਦਿੱਲੀ- ਦੇਸ਼ ਦੀ ਮਸ਼ਹੂਰ ਸਿੰਡੀਕੇਟ ਕਾਲਮ ਲਿਖਣ ਵਾਲੀ ਸੀਨੀਅਰ ਪੱਤਰਕਾਰ ਕੁਮੀ ਕਪੂਰ ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ’ਚ ਭਾਜਪਾ ਵਲੋਂ ਦਿੱਤੀਆਂ ਗਈਆਂ ਟਿਕਟਾਂ ’ਚ ਰਾਸ਼ਟਰੀ ਸਵੈਸੇਵਕ ਸੰਘ (ਆਰ. ਐੱਸ. ਐੱਸ.) ਦਾ ਕੋਈ ਦਖਲ ਨਹੀਂ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੱਥ ਨੂੰ ਆਰ. ਐੱਸ. ਐੱਸ. ਦੇ ਇਕ ਸੀਨੀਅਰ ਅਹੁਦੇਦਾਰ ਨੇ ਉਦੋਂ ਮੰਨਿਆ ਜਦ ਪ੍ਰਮੋਦ ਮਹਾਜਨ ਦੀ ਬੇਟੀ ਅਤੇ ਮੁੰਬਈ ਉੱਤਰ-ਮੱਧ ਦੀ ਸੰਸਦ ਮੈਂਬਰ ਪੂਨਮ ਮਹਾਜਨ ਵਲੋਂ ਦਖਲ ਦੇਣ ਲਈ ਕਿਹਾ ਗਿਆ, ਜਿਨ੍ਹਾਂ ਨੂੰ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ।
ਰਿਪੋਰਟ ਅਨੁਸਾਰ ਭਾਜਪਾ ਇਸ ਵਾਰ ਆਪਣੇ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੀ ਹੈ। ਇਸ ਦਾ ਇਕਲੌਤਾ ਕਾਰਨ ਵੋਟਰਾਂ ਦੀ ਉਦਾਸੀਨਤਾ ਅਤੇ ਪੋਲਿੰਗ ’ਚ ਗਿਰਾਵਟ ਨਹੀਂ ਹੈ। ਪਾਰਟੀ ਦਾ ਵਿਸ਼ਲੇਸ਼ਣ ਹੈ ਕਿ ਪਹਿਲੇ 2 ਪੜਾਵਾਂ ਦੀ ਪੋਲਿੰਗ ’ਚ ਵਰਕਰਾਂ ਦੇ ਉਤਸ਼ਾਹ ’ਚ ਜ਼ਿਕਰਯੋਗ ਗਿਰਾਵਟ ਆਈ ਹੈ।
ਆਰ. ਐੱਸ. ਐੱਸ. ਅਤੇ ਭਾਜਪਾ ’ਚ ਤਾਲਮੇਲ!
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਜਪਾ ਦੇ ਕਾਰਕੁੰਨ ਵੱਡੀ ਗਿਣਤੀ ’ਚ ਆਰ. ਐੱਸ. ਐੱਸ. ਦੇ ਪਿਛੋਕੜ ਤੋਂ ਆਉਂਦੇ ਹਨ ਅਤੇ ਪਾਰਟੀ ਦੀ ਮਸ਼ੀਨਰੀ ’ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਉਹ ਚੋਣਾਂ ਦੇ ਦਿਨ ਵੋਟਰਾਂ ਨੂੰ ਘਰਾਂ ਤੋਂ ਬਾਹਰ ਲਿਆਉਂਦੇ ਹਨ। ਰਿਪੋਰਟ ’ਚ ਕਮੀ ਕਪੂਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਚੋਣ ਜੰਗ ’ਚ ਚਿਹਰੇ ਬਦਲਣ ਨਾਲ ਭਾਜਪਾ ਉਮੀਦਵਾਰਾਂ ਦੇ ਨਾਲ ਕਾਰਕੁੰਨਾਂ ਨੂੰ ਤਾਲਮੇਲ ਬਿਠਾਉਣਾ ਮੁਸ਼ਕਿਲ ਹੋ ਰਿਹਾ ਹੈ।
ਆਰ. ਐੱਸ. ਐੱਸ. ਦੀ ਬੇਨਤੀ ਕੀਤੀ ਜਾਂਦੀ ਸੀ ਨਾਮਨਜ਼ੂਰ
ਇਕ ਭਾਜਪਾ ਵਰਕਰ ਦੇ ਹਵਾਲੇ ਨਾਲ ਰਿਪੋਰਟ ’ਚ ਲਿਖਿਆ ਗਿਆ ਹੈ ਕਿ ‘ਤੁਸੀਂ ਸਾਨੂੰ ਇਕ ਦਿਨ ਇਕ ਭ੍ਰਿਸ਼ਟ ਕਾਂਗਰਸ ਨੇਤਾ ਦੇ ਚਿਹਰੇ ’ਤੇ ਕਾਲਖ ਮਲ੍ਹਣ ਦਾ ਹੁਕਮ ਨਹੀਂ ਦੇ ਸਕਦੇ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਅਗਲੇ ਦਿਨ ਸਾਨੂੰ ਉਸ ਲਈ ਪ੍ਰਚਾਰ ਕਰਨ ਲਈ ਨਹੀਂ ਕਹਿ ਸਕਦੇ।’ ਇਕ ਸ਼ਿਕਾਇਤ ਇਹ ਵੀ ਹੈ ਕਿ ਆਰ. ਐੱਸ. ਐੱਸ. ਵਲੋਂ ਸਰਕਾਰ ਨੂੰ ਭੇਜੀਆਂ ਗਈਆਂ ਯੋਗ ਪੋਸਟਿੰਗ, ਤਬਾਦਲੇ ਆਦਿ ਸਮੇਤ ਛੋਟੀਆਂ-ਛੋਟੀਆਂ ਬੇਨਤੀਆਂ ਨੂੰ ਆਮ ਤੌਰ ’ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ।
ਚਿਹਰੇ ਬਦਲਣ ਦਾ ਕਿੰਨਾ ਨੁਕਸਾਨ
ਮੌਜੂਦਾ ਲੋਕਪ੍ਰਿਯ ਭਾਜਪਾ ਸੰਸਦ ਮੈਂਬਰਾਂ ਦੀ ਜਗ੍ਹਾ ਸਿਆਸੀ ਤੌਰ ’ਤੇ ਹੌਲੇ ਜਾਂ ਦਲ-ਬਦਲੂਆਂ ਨੂੰ ਸ਼ਾਮਲ ਕਰਨ ਨਾਲ ਆਮ ਜਨਤਾ ’ਚ ਪਾਰਟੀ ’ਚ ਕਾਫੀ ਨਾਰਾਜ਼ਗੀ ਹੈ। ਅਦਾਕਾਰ ਅਰੁਣ ਗੋਵਿਲ, ਜਿਨ੍ਹਾਂ ਨੂੰ ਮੇਰਠ ’ਚ ਭਾਜਪਾ ਉਮੀਦਵਾਰ ਦੇ ਰੂਪ ’ਚ ਪੈਰਾਸ਼ੂਟ ਤੋਂ ਉਤਾਰਿਆ ਗਿਆ ਸੀ, ਨੇ ਪਿਛਲੇ ਹਫਤੇ ਵੋਟਾਂ ਪੈਣ ਤੋਂ ਬਾਅਦ ਅੰਦਰੂਨੀ ਕਲੇਸ਼ ਦਾ ਸੰਕੇਤ ਵੀ ਦਿੱਤਾ ਸੀ। ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਕਰਨਾਟਕ ਦੇ ਮੈਸੂਰ ’ਚ ਸੰਸਦ ਮੈਂਬਰ ਸੰਤੋਸ਼ ਗੰਗਵਾਰ ਅਤੇ ਪ੍ਰਤਾਪ ਸਿਮਹਾ ਸਮੇਤ ਕਈ ਹੋਰ ਲੋਕਾਂ ਨੂੰ ਬਦਲ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਸਾਨੀ ਨਾਲ ਜਿੱਤ ਜਾਣਗੇ। ਮਹਾਰਾਸ਼ਟਰ ਦੇ ਨਾਂਦੇੜ ’ਚ ਜਿਥੇ ਕਾਂਗਰਸ ਦੇ ਸਾਬਕਾ ਸੀ. ਐੱਮ. ਅਸ਼ੋਕ ਚੌਹਾਨ, ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਏ, ਉਥੇ ਪਾਰਟੀ ਦੇ ਇਕ ਤਿਹਾਈ ਸਥਾਨਕ ਵਰਕਰ ਪੀ. ਐੱਮ. ਮੋਦੀ ਦੀ ਰੈਲੀ ’ਚ ਸ਼ਾਮਲ ਨਹੀਂ ਹੋਏ।
ਰੁਪਾਲਾ ਦੀ ਟਿੱਪਣੀ ਅਤੇ ਕਰਨਾਟਕ ਪ੍ਰਜਵਲ ਰੇਵੰਨਾ ਕਾਂਡ
ਪਾਰਟੀ ਅਨੁਸ਼ਾਸਨ ਨੂੰ ਮੂੰਹ ਚਿੜਾਉਂਦੇ ਹੋਏ ਕਰਨਾਟਕ ਭਾਜਪਾ ਦੇ ਇਕ ਨੇਤਾ ਨੇ ਮੀਡੀਆ ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਸੀਨੀਅਰਾਂ ਨੂੰ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੇ ਖਰਾਬ ਕਰੈਕਟਰ ਬਾਰੇ ਸੁਚੇਤ ਕੀਤਾ ਸੀ। ਅਜਿਹੇ ਲੋਕ ਹਨ ਜੋ ਇਥੋਂ ਤੱਕ ਸ਼ੱਕ ਕਰਦੇ ਹਨ ਕਿ ਗੁਜਰਾਤ ਦੇ ਮੰਤਰੀ ਪੁਰਸ਼ੋਤਮ ਰੁਪਾਲਾ ਦੀ ਵਿਵਾਦਗ੍ਰਸਤ ਟਿੱਪਣੀ ’ਤੇ ਕਈ ਸੂਬਿਆਂ ’ਚ ਰਾਜਪੂਤ ਗਰੁੱਪਾਂ ਵਲੋਂ ਜਾਰੀ ਵਿਰੋਧ ਪ੍ਰਦਰਸ਼ਨ ਨੂੰ ਗੁਪਤ ਸਮਰਥਨ ਹੈ।