ਸ਼ਾਹਕੋਟ ’ਚ ਵੇਅਰਹਾਊਸ ਤੇ ਮਾਰਕਫੈੱਡ ਦੇ ਗੋਦਾਮਾਂ ’ਚ ਸ਼ਰੇਆਮ ਚੱਲ ਰਿਹੈ ਕਣਕ ਚੋਰੀ ਦਾ ਧੰਦਾ
Sunday, May 05, 2024 - 02:08 PM (IST)
ਸ਼ਾਹਕੋਟ (ਅਰਸ਼ਦੀਪ)- ਕਈ ਸਰਕਾਰਾਂ ਗਈਆਂ ਅਤੇ ਕਈ ਆਈਆਂ ਪਰ ਹਰ ਸਰਕਾਰ ਦੇ ਮੰਤਰੀਆਂ ਅਤੇ ਲੀਡਰਾਂ ਦੀ ਅਧਿਕਾਰੀਆਂ ਨਾਲ ਮਿਲੀਭੁਗਤ ਕਾਰਨ ਵੱਖ-ਵੱਖ ਮਹਿਕਮਿਆਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ’ਚ ਸਫ਼ਲ ਨਹੀਂ ਹੋ ਸਕੀਆਂ।‘ਆਪ’ਵੱਲੋਂ ਬਦਲਾਅ ਦੀ ਗੱਲ ਕਰਦਿਆਂ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਵੱਡੇ-ਵੱਡੇ ਦਾਅਵੇ ਕਰਕੇ ਪੰਜਾਬ ’ਚੋਂ ਵਿਧਾਨ ਸਭਾ ਦੀਆਂ 92 ਸੀਟਾਂ ਜਿੱਤ ਕੇ ਸੱਤਾ ’ਚ ਆਈ ‘ਆਪ’ਸਰਕਾਰ ਵੱਲੋਂ ਕੀਤੇ ਦਾਅਵੇ ਇਲਾਕਾ ਸ਼ਾਹਕੋਟ ’ਚ ਵਫ਼ਾ ਹੁੰਦੇ ਨਜ਼ਰ ਨਹੀਂ ਆ ਰਹੇ।
ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਇਲਾਕਾ ਸ਼ਾਹਕੋਟ ’ਚ ਕਣਕ ਦੀ ਸਟੋਰੇਜ ਮੌਕੇ ਵੇਅਰਹਾਊਸ ਅਤੇ ਮਾਰਕਫ਼ੈੱਡ ਦੇ ਅਧਿਕਾ ਰੀਆਂ ਵੱਲੋਂ ਗੋਦਾਮਾਂ ’ਚ ਲੱਗ ਰਹੇ ਕਣਕ ਦੇ ਚੱਕਿਆਂ ’ਚੋਂ ਵੱਡੇ ਪੱਧਰ ’ਤੇ ਸ਼ਰੇਆਮ ਕਣਕ ਚੋਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਦੇ ਆਧਾਰ ’ਤੇ ‘ਜਗ ਬਾਣੀ’ਵੱਲੋਂ ਜਦ ਇਨ੍ਹਾਂ ਵੱਖ-ਵੱਖ ਗੋਦਾਮਾਂ ਦਾ ਦੌਰਾ ਕੀਤਾ ਗਿਆ ਤਾਂ ਵੇਖਣ ’ਚ ਆਇਆ ਕੀ ਇਨ੍ਹਾਂ ਮਹਿਕਮਿਆਂ ਦੇ ਅਧਿਕਾਰੀਆਂ ਦੇ ਕਰਿੰਦੇ ਸ਼ਰੇਆਮ ਟਰੱਕਾਂ ’ਚੋਂ ਕਣਕ ਦੀ ਅਨਲੋਡਿੰਗ ਸਮੇਂ ਕਣਕ ਦੀਆਂ ਬੋਰੀਆਂ ’ਚ ਬੰਬੂ ਮਾਰ ਕੇ ਪ੍ਰਤੀ ਬੋਰੀ ਕਰੀਬ ਡੇਢ ਤੋਂ 2 ਕਿਲੋ ਕਣਕ ਚੋਰੀ ਕਰ ਰਹੇ ਸਨ, ਜਿਸ ਜਗ੍ਹਾ ’ਤੇ ਟਰੱਕ ਨੂੰ ਖੜ੍ਹਾ ਕਰ ਕੇ ਕਣਕ ਚੋਰੀ ਕੀਤੀ ਜਾਂਦੀ ਹੈ, ਪਹਿਲਾਂ ਟਰੱਕ ਦੇ ਥੱਲੇ ਤਰਪਾਲ ਵਿਛਾ ਦਿੱਤੀ ਜਾਂਦੀ ਹੈ ਤਾਂ ਕਿ ਟਰੱਕ ’ਚੋਂ ਕਿਰ ਰਹੀ ਕਣਕ ਤਰਪਾਲ ਉਪਰ ਡਿੱਗ ਜਾਵੇ, ਜੋਕਿ ਅਧਿਕਾਰੀਆਂ ਵੱਲੋਂ ਲਾਈ ਲੇਬਰ ਵੱਲੋਂ ਨਾਲ ਦੀ ਨਾਲ ਚੋਰੀ ਕੀਤੀ ਕਣਕ ਦੀਆਂ ਬੋਰੀਆਂ ਭਰ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਮੌਕੇ ’ਤੇ ਮੌਜੂਦ ਕੁਝ ਵਿਅਕਤੀਆਂ ਦੇ ਦੱਸਣ ਮੁਤਾਬਕ ਇਹ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਇਨ੍ਹਾਂ ਅਧਿਕਾਰੀਆਂ ਵੱਲੋਂ ਇਕ ਟਰੱਕ ’ਚੋਂ 8 ਤੋਂ 10 (4 ਤੋਂ 5 ਕੁਇੰਟਲ) ਦੇ ਕਰੀਬ ਬੋਰੀਆਂ ਕਣਕ ਚੋਰੀ ਕੀਤੀ ਜਾਂਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦ ਮੰਡੀ ’ਚੋਂ ਕਣਕ ਦੀ ਲੋਡਿੰਗ ਹੁੰਦੀ ਹੈ ਤਾਂ ਟਰੱਕ ਹੇਠਾਂ ਕੋਈ ਤਰਪਾਲ ਨਹੀਂ ਵਿਛਾਈ ਜਾਂਦੀ। ਫਿਰ ਨਵੀਂ ਬੋਰੀ ’ਚੋਂ ਮੰਡੀ ਤੋਂ ਕਰੀਬ 5 ਕਿਲੋਮੀਟਰ ਦਾ ਸਫ਼ਰ ਤੈਅ ਕਰਨ ’ਤੇ ਬੋਰੀ ਇਨੀ ਕਿਵੇਂ ਨੁਕਸਾਨੀ ਜਾਂਦੀ ਹੈ ਕਿ ਉਸ ’ਚੋਂ ਕਣਕ ਕਿਰਨੀ ਸ਼ੁਰੂ ਹੋ ਜਾਂਦੀ ਹੈ, ਇਹ ਸੋਚਣ ਵਾਲੀ ਗੱਲ ਹੈ। ਵੇਅਰਹਾਊਸ ਤੇ ਮਾਰਕਫ਼ੈੱਡ ਦੇ ਅਧਿਕਾਰੀਆਂ ਵੱਲੋਂ ਹਰ ਸਾਲ ਕੀਤੀ ਜਾ ਰਹੀ ਕਣਕ ਦੀ ਚੋਰੀ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਜੋ ਕਿ ਉੱਚ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।
ਚੋਰੀ ਕੀਤੀ ਕਣਕ ਨੂੰ ਦੋਬਾਰਾ ਸਰਕਾਰ ਨੂੰ ਹੀ ਵੇਚ ਦਿੱਤਾ ਜਾਂਦੈ
ਇਕ ਜਾਣਕਾਰ ਨੇ ਦੱਸਿਆ ਕਿ ਵੇਅਰਹਾਊਸ ਅਤੇ ਮਾਰਕਫ਼ੈੱਡ ਦੇ ਅਧਿਕਾਰੀਆਂ ਵੱਲੋਂ ਜੋ ਕਣਕ ਗੋਦਾਮਾਂ ’ਚੋਂ ਚੋਰੀ ਕੀਤੀ ਜਾਂਦੀ ਹੈ, ਉਹ ਕੁਝ ਚਹੇਤੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਦੁਬਾਰਾ ਸਰਕਾਰ ਨੂੰ ਹੀ ਵੇਚ ਦਿੱਤੀ ਜਾਂਦੀ ਹੈ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਮਾਰਕਫ਼ੈੱਡ ਦਾ ਗੋਦਾਮ ਸ਼ਾਹਕੋਟ ਮੰਡੀ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਸਥਿਤ ਹੈ, ਇੱਥੇ ਤੱਕ ਆਉਂਦਿਆਂ ਵੀ ਬੋਰੀਆਂ ’ਚੋਂ ਕਣਕ ਕਿਰਨਾ ਵੱਡੇ ਸਵਾਲ ਪੈਦਾ ਕਰਦਾ ਹੈ, ਜੇਕਰ ਗੋਦਾਮਾਂ ’ਚ ਲੱਗੀਆਂ ਬੋਰੀਆਂ ਦਾ ਦੋਬਾਰਾ ਵਜ਼ਨ ਕੀਤਾ ਜਾਏ ਤਾਂ ਸਾਰੀ ਅਸਲੀਅਤ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਜੇ ਇਸ ਸਕੈਂਡਲ ਦੀ ਜਾਂਚ ਸੀ. ਬੀ. ਆਈ. ਜਾਂ ਹਾਈ ਕੋਰਟ ਦੇ ਜੱਜ ਵੱਲੋਂ ਕੀਤੀ ਜਾਵੇ ਤਾਂ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਕਰੋੜਾਂ ਰੁਪਏ ਦੇ ਘਪਲੇ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ- ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ
ਸੀ. ਸੀ. ਟੀ. ਵੀ. ਕੈਮਰੇ ਕਿਉਂ ਨਹੀਂ ਲਾਏ ਜਾਂਦੇ?
ਟੈਕਨੋਲਜੀ ਦੇ ਇਸ ਯੁੱਗ ’ਚ ਇਕ ਛੋਟਾ ਦੁਕਾਨਦਾਰ ਵੀ ਆਪਣੀ ਸੁਰੱਖਿਆਂ ਨੂੰ ਦੇਖਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਦਾ ਪ੍ਰਬੰਧ ਕਰ ਲੈਂਦਾ ਹੈ, ਜਿੱਥੇ ਇਨ੍ਹਾਂ ਗੋਦਾਮਾਂ ’ਚ ਅਰਬਾਂ ਰੁਪਏ ਦੀ ਕਣਕ ਸਰਕਾਰ ਵੱਲੋਂ ਸਟੋਰ ਕੀਤੀ ਜਾਂਦੀ ਹੈ, ਉਸ ਜਗ੍ਹਾ ਸੀ. ਸੀ. ਟੀ. ਵੀ. ਕੈਮਰੇ ਦਾ ਪ੍ਰਬੰਧ ਨਾ ਹੋਣਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉੱਚ ਅਧਿਕਾਰੀਆਂ ਵੱਲੋਂ ਗੋਦਾਮਾਂ ਦੀ ਚੈਕਿੰਗ ਦੇ ਨਾਂ ’ਤੇ ਖਾਨਾਪੂਰਤੀ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਅਧਿਕਾਰੀ ਬੇਖ਼ੌਫ਼ ਹੋ ਕੇ ਕਣਕ ਦੀ ਚੋਰੀ ਨੂੰ ਅੰਜਾਮ ਦਿੰਦੇ ਹਨ।
ਕਣਕ ਹੋਰ ਸੂਬੇ ’ਚ ਭੇਜਣ ਤੋਂ 2 ਦਿਨ ਪਹਿਲਾਂ ਬੋਰੀਆਂ ’ਤੇ ਪਾਇਆ ਜਾਂਦਾ ਪਾਣੀ
ਜਾਣਕਾਰਾਂ ਨੇ ਦੱਸਿਆ ਕਿ ਜਦ ਗੋਦਾਮਾਂ ’ਚ ਪਾਈ ਕਣਕ ਟਰੇਨ ਰਾਹੀਂ ਕਿਸੇ ਹੋਰ ਸਟੇਟ ਨੂੰ ਭੇਜੀ ਜਾਂਦੀ ਹੈ ਤਾਂ ਉਸ ਸਮੇਂ ਗੋਦਾਮਾਂ ’ਚੋਂ ਟਰੱਕਾਂ ਰਾਹੀਂ ਮਾਲ ਰੇਲਵੇ ਸਟੇਸ਼ਨ ’ਤੇ ਪਹੁੰਚਦਾ ਕੀਤਾ ਜਾਂਦਾ ਹੈ। ਇਹ ਸਭ ਤੋਂ 2 ਦਿਨ ਪਹਿਲਾਂ ਕਣਕ ਦੀਆਂ ਬੋਰੀਆਂ ’ਤੇ ਪਾਣੀ ਪਾਇਆ ਜਾਂਦਾ ਹੈ ਤੇ ਉਸ ਸਮੇਂ ਵੀ ਬੋਰੀਆਂ ’ਚੋਂ ਕਣਕ ਚੋਰੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8