ਵਾਟਰ ਸਪਲਾਈ ਦੀ ਪਾਈਪ ਲੀਕੇਜ ਹੋਣ ਕਾਰਨ ਮੁਹੱਲਾ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

Friday, Jul 07, 2017 - 02:10 AM (IST)

ਵਾਟਰ ਸਪਲਾਈ ਦੀ ਪਾਈਪ ਲੀਕੇਜ ਹੋਣ ਕਾਰਨ ਮੁਹੱਲਾ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

ਟਾਂਡਾ, (ਜਸਵਿੰਦਰ)- ਵਾਰਡ ਨੰ. 9 ਅੰਦਰ ਪੈਂਦੇ ਗੁਰਦੁਆਰੇ ਕੋਲ ਵਾਟਰ ਸਪਲਾਈ ਦੀ ਪਾਈਪ ਲੀਕੇਜ ਹੋਣ ਕਾਰਨ ਪਿਛਲੇ ਦੋ ਦਿਨਾਂ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘਣਾ ਪੈ ਰਿਹਾ ਹੈ ਜਦਕਿ ਸਬੰਧਿਤ ਵਿਭਾਗ ਕੁਝ ਨਹੀਂ ਕਰ ਰਿਹਾ। ਜਾਣਕਾਰੀ ਦਿੰਦਿਆਂ ਵਾਰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਲੀਕੇਜ ਹੋ ਰਹੀ ਇਸ ਵਾਟਰ ਸਪਲਾਈ ਦੀ ਪਾਈਪ ਕਾਰਨ ਜਿਥੇ ਸੜਕ ਬੈਠਣੀ ਸ਼ੁਰੂ ਹੋ ਗਈ ਹੈ, ਉਥੇ ਮੁਹੱਲਾ ਵਾਸੀਆਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਨਹੀਂ ਪਹੁੰਚਿਆ। ਉਨ੍ਹਾਂ ਆਖਿਆ ਕਿ ਜਦੋਂ ਪਾਣੀ ਚੱਲਦਾ ਹੈ ਤਾਂ ਲੀਕੇਜ ਵਾਲੀ ਜਗ੍ਹਾ 'ਤੇ ਪਾਣੀ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ, ਜਿਸ ਕਰ ਕੇ ਇਥੋਂ ਆਉਣਾ-ਜਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਮਹਿਕਮੇ ਤੋਂ ਮੰਗ ਕੀਤੀ ਕਿ ਇਸ ਲੀਕੇਜ ਨੂੰ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਹੋ ਸਕੇ। 


Related News