ਧਰਤੀ ਹੇਠਲਾ ਪਾਣੀ ਗੰਦਲਾ ਕਰਨ ਦੇ ਮਾਮਲੇ ''ਚ ਮਾਲਬਰੋਸ ਇੰਟਰਨੈਸ਼ਨਲ ''ਤੇ ED ਦਾ ਐਕਸ਼ਨ
Wednesday, Dec 17, 2025 - 07:48 AM (IST)
ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਦੇ ਇਕ ਗੰਭੀਰ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਖ਼ਤ ਰੁਖ ਅਪਣਾਉਂਦਿਆਂ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਅਤੇ ਹੋਰਨਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਹ ਜਾਂਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਰਜ ਕਰਾਈ ਗਈ ਅਪਰਾਧਿਕ ਸ਼ਿਕਾਇਤ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ, ਜਿਸ ਵਿਚ ਕੰਪਨੀ ’ਤੇ ਜਲ (ਪ੍ਰਦੂਸ਼ਣ ਨਿਵਾਰਨ ਅਤੇ ਨਿਯੰਤਰਣ) ਐਕਟ, 1974 ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਹੁਣ ਇਸ ਮਾਮਲੇ ਵਿਚ ਇਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਅਨੁਸਾਰ ਕੰਪਨੀ ਨੇ ਰਿਵਰਸ ਬੋਰਿੰਗ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਟਰੀਟਮੈਂਟ ਕੀਤੇ ਉਦਯੋਗਿਕ ਅਪਸ਼ਿਸ਼ਟ ਜਲ ਨੂੰ ਡੂੰਘੇ ਭੂ-ਜਲ ਸਰੋਤਾਂ ਵਿਚ ਇੰਜੈਕਟ ਕੀਤਾ। ਇਸ ਨਾਲ ਇਲਾਕੇ ਦੇ ਭੂ-ਜਲ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਨੇੜਲੇ ਜਲ ਸੋਮੇ ਵੀ ਪ੍ਰਦੂਸ਼ਿਤ ਹੋਏ।
ਰੋਜ਼ਾਨਾ ਦੀਆਂ ਸਰਗਰਮੀਆਂ ’ਚ ਲੁਕਿਆ ਸੀ ਅਪਰਾਧ
ਈ. ਡੀ. ਦੀ ਜਾਂਚ ’ਚ ਸਾਹਮਣੇ ਆਇਆ ਕਿ ਫਿਰੋਜ਼ਪੁਰ ਜ਼ਿਲੇ ਦੀ ਜ਼ੀਰਾ ਤਹਿਸੀਲ ਦੇ ਮਨਸੂਰਵਾਲਾ ਪਿੰਡ ਵਿਚ ਸਥਿਤ ਮਾਲਬਰੋਸ ਇੰਟਰਨੈਸ਼ਨਲ ਦਾ ਉਦਯੋਗਿਕ ਯੂਨਿਟ ਜਾਣ-ਬੁੱਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਭੂ-ਜਲ ਪ੍ਰਦੂਸ਼ਣ ਵਿਚ ਸ਼ਾਮਲ ਸੀ। ਜਾਂਚ ਏਜੰਸੀ ਮੁਤਾਬਕ ਫੈਕਟਰੀ ਦੇ ਰੋਜ਼ਾਨਾ ਸੰਚਾਲਨ ਦੌਰਾਨ ਲਗਾਤਾਰ ਅਤੇ ਗੁਪਤ ਤੌਰ ’ਤੇ ਬਿਨਾਂ ਟਰੀਟਮੈਂਟ ਕੀਤੇ ਰਸਾਇਣਕ ਅਪਸ਼ਿਸ਼ਟ ਨੂੰ ਰਿਵਰਸ ਬੋਰਿੰਗ ਰਾਹੀਂ ਜ਼ਮੀਨ ਅੰਦਰ ਡੂੰਘੇ ਜਲ ਸੋਮੇ ਵਿਚ ਛੱਡਿਆ ਜਾਂਦਾ ਰਿਹਾ। ਇਸ ਤੋਂ ਇਲਾਵਾ ਗੰਦਾ ਪਾਣੀ ਨੇੜਲੀ ਜ਼ਮੀਨ, ਨਾਲਿਆਂ ਅਤੇ ਇਕ ਖੰਡ ਮਿੱਲ ਦੇ ਖੇਤਰ ਵਿਚ ਵੀ ਵਹਾਇਆ ਗਿਆ।
ਪ੍ਰਦੂਸ਼ਣ ਤੋਂ ਪੈਦਾ ਹੋਈ ‘ਅਪਰਾਧ ਦੀ ਕਮਾਈ’
ਈ. ਡੀ. ਦਾ ਕਹਿਣਾ ਹੈ ਕਿ ਕੰਪਨੀ ਨੇ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾ ਕੇ ਆਪਣੇ ਕਾਰਖਾਨੇ ਦਾ ਸੰਚਾਲਨ ਕੀਤਾ ਅਤੇ ਇਸੇ ਅਪਰਾਧਿਕ ਸਰਗਰਮੀ ਰਾਹੀਂ ਕਰੀਬ 80 ਕਰੋੜ ਰੁਪਏ ਦੀ ਨਾਜਾਇਜ਼ ਕਮਾਈ ਕੀਤੀ। ਇਸ ਪ੍ਰਦੂਸ਼ਣ ਦਾ ਅਸਰ ਨਾ ਕੇਵਲ ਭੂ-ਜਲ ’ਤੇ ਪਿਆ, ਸਗੋਂ ਨੇੜਲੇ ਜਲ ਭੰਡਾਰਾਂ ਅਤੇ ਇਲਾਕਿਆਂ ਵਿਚ ਵੀ ਵਾਤਾਵਰਣ ਸੰਤੁਲਨ ਨੂੰ ਵਿਗੜਿਆ ਗਿਆ।
ਤਲਾਸ਼ੀ ’ਚ ਨਕਦੀ ਬਰਾਮਦ, ਜਾਇਦਾਦ ਅਟੈਚ
ਇਸ ਤੋਂ ਪਹਿਲਾਂ 16 ਜੁਲਾਈ 2024 ਨੂੰ ਈ. ਡੀ. ਨੇ ਪੀ. ਐੱਮ. ਐੱਲ. ਏ., 2002 ਤਹਿਤ 6 ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ 78.15 ਲੱਖ ਰੁਪਏ ਨਕਦ ਬਰਾਮਦ ਕਰ ਕੇ ਜ਼ਬਤ ਕੀਤੇ ਗਏ। ਜਾਂਚ ਦੇ ਅਗਲੇ ਪੜਾਅ ਵਿਚ ਈ.ਡੀ. ਨੇ 13 ਦਸੰਬਰ 2025 ਨੂੰ ਜਾਰੀ ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਰਾਹੀਂ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ 79.93 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਅਸਥਾਈ ਤੌਰ ’ਤੇ ਅਟੈਚ ਕਰ ਲਈਆਂ। ਇਨ੍ਹਾਂ ਜਾਇਦਾਦਾਂ ’ਚ ਕੰਪਨੀ ਦੀ ਜ਼ਮੀਨ, ਇਮਾਰਤਾਂ ਅਤੇ ਪਲਾਂਟ ਤੇ ਮਸ਼ੀਨਰੀ ਸ਼ਾਮਲ ਹਨ।
