ਖਰੜ ''ਚ 2 ਸਕੂਲੀ ਬੱਸਾਂ ਦੀ ਆਪਸ ''ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
Thursday, Dec 18, 2025 - 09:45 AM (IST)
ਖਰੜ (ਅਮਰਦੀਪ ਸਿੰਘ ਸੈਣੀ) : ਇੱਥੇ ਖਰੜ ਵਿਖੇ ਵੀਰਵਾਰ ਸਵੇਰੇ 2 ਸਕੂਲੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਡਰਾਈਵਰਾਂ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਮੁਨਾ ਅਪਾਰਟਮੈਂਟ ਨੇੜੇ ਸਲੀਪਰ ਰੋਡ 'ਤੇ ਇੱਕ ਸਕੂਲੀ ਬੱਸ ਗਲਤ ਦਿਸ਼ਾ ਤੋਂ ਆ ਰਹੀ ਸੀ ਕਿ ਉਸ ਨੇ ਦੂਜੀ ਸਕੂਲੀ ਬੱਸ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਜ਼ਿਕਰਯੋਗ ਹੈ ਕਿ ਉਕਤ ਸੜਕ 'ਤੇ ਰੋਜ਼ਾਨਾ ਕਈ ਵਾਹਨ ਗਲਤ ਦਿਸ਼ਾ ਤੋਂ ਆਉਂਦੇ ਹਨ ਪਰ ਪੁਲਸ ਵਾਲੇ ਕੋਈ ਵੀ ਕਾਰਵਾਈ ਨਹੀਂ ਕਰਦੇ, ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਗਲਤ ਦਿਸ਼ਾ ਵੱਲੋਂ ਆਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਨਾਲ ਹੀ ਉੱਥੇ ਇੱਕ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ।
