ਸਰਵਰ ਡਾਊਨ ਤੇ ਪੇਮੈਂਟ ਫੇਲ੍ਹ ਹੋਣ ਕਾਰਨ 1,61,127 ਕੈਂਡੀਡੇਟ ਨਹੀਂ ਕਰ ਸਕੇ ਸੀਟੇਟ ਦੀ ਰਜਿਸਟ੍ਰੇਸ਼ਨ ਪੂਰੀ
Sunday, Dec 28, 2025 - 08:49 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੈਂਟਰਲ ਟੀਚਰ ਐਲੀਜ਼ਿਬਿਲਟੀ ਟੈਸਟ ਫਰਵਰੀ ਦੇ ਉਨ੍ਹਾਂ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਧੂਰੀ ਰਹਿ ਗਈ ਸੀ। ਬੋਰਡ ਨੇ ਅਜਿਹੇ ਉਮੀਦਵਾਰਾਂ ਲਈ 27 ਦਸੰਬਰ ਨੂੰ ਮੁੜ ਪੋਰਟਲ ਖੋਲ੍ਹ ਦਿੱਤਾ ਹੈ, ਜੋ 30 ਦਸੰਬਰ ਤੱਕ ਖੁੱਲ੍ਹਾ ਰਹੇਗਾ। ਸੀ. ਬੀ. ਐੱਸ. ਈ. ਦੇ ਅੰਕੜਿਆਂ ਮੁਤਾਬਕ ਕਰੀਬ 1,61,127 ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਅਧੂਰੀ ਰਹਿ ਗਈ ਸੀ, ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਸਕੇਗਾ। ਵਰਣਨਯੋਗ ਹੈ ਕਿ 27 ਨਵੰਬਰ ਤੱਕ ਚੱਲੀ ਨਿਯਮ ਨਾਲ ਅਰਜ਼ੀ ਪ੍ਰਕਿਰਿਆ ਦੌਰਾਨ ਕੁਲ 25,30,581 ਉਮੀਦਵਾਰਾਂ ਨੇ ਸਫਲਤਾ ਨਾਲ ਅਰਜ਼ੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ : ਖੰਨਾ: ਪੁਲਸ ਦਾ ਬਦਮਾਸ਼ਾਂ ਨਾਲ ਹੋ ਗਿਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ
ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਹੈ ਕਿ ਇਸ ਵਿਸ਼ੇਸ਼ ਵਿੰਡੋ ਦੌਰਾਨ ਸਿਰਫ ਉਹੀ ਉਮੀਦਵਾਰ ਆਪਣਾ ਫਾਰਮ ਅਤੇ ਪੇਮੈਂਟ ਪੂਰੀ ਕਰ ਸਕਣਗੇ, ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਸੀ। ਇਸ ਦੌਰਾਨ ਕੋਈ ਵੀ ਨਵੀਂ ਰਜਿਸਟ੍ਰੇਸ਼ਨ ਮਨਜ਼ੂਰ ਨਹੀਂ ਕੀਤੀ ਜਾਵੇਗੀ। ਕਈ ਉਮੀਦਵਾਰਾਂ ਨੇ ਸਰਵਰ ਡਾਊਨ ਹੋਣ ਅਤੇ ਪੇਮੈਂਟ ਫੇਲ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ ਦੇਖਦੇ ਹੋਏ ਬੋਰਡ ਨੇ ਇਹ ਫੈਸਲਾ ਲਿਆ ਹੈ। ਅਪਲਾਈ ਫੀਸ ਤਹਿਤ ਜਨਰਲ ਅਤੇ ਓ. ਬੀ. ਸੀ. ਸ਼੍ਰੇਣੀ ਲਈ ਇਕ ਪੇਪਰ ਦੀ ਫੀਸ 1000 ਰੁਪਏ ਅਤੇ 2 ਪੇਪਰਾਂ ਲਈ 1200 ਰੁਪਏ ਨਿਰਧਾਰਿਤ ਕੀਤੀ ਹੈ, ਜਦੋਂਕਿ ਐੱਸੀ. ਸੀ., ਐੱਸ. ਈ. ਅਤੇ ਅਪਾਹਿਜ ਵਰਗ ਲਈ ਇਹ ਫੀਸ ਲੜੀਵਾਰ 500 ਅਤੇ 600 ਰੁਪਏ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
