ਮਨਰੇਗਾ ਨੂੰ ਬਚਾਉਣ ਲਈ ਇਕ ਝੰਡੇ ਹੇਠ ਇਕੱਠੇ ਹੋਣ ਮਜ਼ਦੂਰ, ਪੰਜਾਬ ਸਰਕਾਰ ਤੁਹਾਡੇ ਨਾਲ: ਇੰਦਰਜੀਤ ਕੌਰ ਮਾਨ
Tuesday, Dec 30, 2025 - 04:56 PM (IST)
ਚੰਡੀਗੜ੍ਹ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸਾਰੇ ਮਜ਼ਦੂਰਾਂ ਨੂੰ ਨਰੇਗਾ ਨੂੰ ਬਚਾਉਣ ਲਈ ਇਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਲੜਾਈ ਵਿਚ ਤੁਹਾਡੇ ਨਾਲ ਹੈ ਤੇ ਇਹ ਲੜਾਈ ਉਦੋਂ ਤਕ ਲੜਾਂਗੇ ਜਦੋਂ ਤਕ ਕੇਂਦਰ ਸਰਕਾਰ ਤੁਹਾਡੇ ਅੱਗੇ ਗੋਡੇ ਨਾਲ ਟੇਕ ਦੇਵੇ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੀ ਗਈ ਮਨਰੇਗਾ ਦੀ ਹੱਤਿਆ ਸਿਰਫ਼ ਗਰੀਬਾਂ ਤੋਂ ਰੋਜ਼ਗਾਰ ਖੋਹਣ ਦਾ ਮਸਲਾ ਹੀ ਨਹੀਂ, ਸਗੋਂ ਇਹ ਸੰਵਿਧਾਨ ਨੂੰ ਮੰਨਣ ਤੋਂ ਕੋਰਾ ਇਨਕਾਰ ਤੇ ਸੂਬਿਆਂ ਨੂੰ ਆਰਥਿਕ ਤੌਰ 'ਤੇ ਦਿਵਾਲੀਆ ਕਰਨ ਦਾ ਤੇ ਦੇਸ਼ ਦੀ ਸਮਾਜਿਕ ਕ੍ਰਾਂਤੀ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੇ ਲੋਕਾਂ ਨੂੰ ਚੰਗੀ ਤੇ ਇੱਜ਼ਤ ਭਰੀ ਜ਼ਿੰਦਗੀ ਜਿਊਣ ਦਾ ਹੱਕ ਦਿੱਤਾ ਹੈ। ਮਨਰੇਗਾ ਰੋਜ਼ਗਾਰ ਦੀ ਗਾਰੰਟੀ ਦੇਣ ਵਾਲੀ ਮਿਸਾਲੀ ਯੋਜਨਾ ਸੀ, ਪਰ ਕੇਂਦਰ ਨੇ ਚੋਰ ਮੋਰੀ ਰਾਹੀਂ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ਕਿਹਾ ਕਿ ਪੰਜਾਬ ਸਮੇਤ ਬਹੁਤ ਸਾਰੇ ਸੂਬਿਆਂ ਸਿਰ ਕਰਜ਼ੇ ਦੀ ਪੰਡ ਹੈ ਤੇ ਉਹ ਇਸ ਸਕੀਮ ਲਈ ਆਪਣਾ 40 ਫ਼ੀਸਦੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 12 ਕਰੋੜ ਮਜ਼ਦੂਰਾਂ ਦਾ ਰੋਜ਼ਗਾਰ ਖੋਹ ਰਹੀ ਹੈ। ਇਹ ਫ਼ੈਸਲਾ ਕੇਂਦਰ ਨੇ ਗੈਰ-ਭਾਜਪਾਈ ਸੂਬਿਆਂ ਨੂੰ ਸਤਾਉਣ ਲਈ ਲਿਆ ਹੈ। ਉਨ੍ਹਾਂ ਨੇ ਮਨਰੇਗਾ ਮਜ਼ਦੂਰਾਂ ਨੂੰ ਸਾਂਝਾ ਸੰਘਰਸ਼ ਵਿੱਢਣ ਦੀ ਅਪੀਲ ਕੀਤੀ।
