ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! 8 ਜਨਵਰੀ ਤੋਂ ਸ਼ੁਰੂ ਹੋਵੇਗੀ ਇਸ ਯੋਜਨਾ ਦੀ ਰਜਿਸਟ੍ਰੇਸ਼ਨ
Thursday, Dec 25, 2025 - 12:55 PM (IST)
ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੀ ਖਾਹਿਸ਼ੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਜਲੰਧਰ ਜ਼ਿਲ੍ਹੇ ਵਿਚ 8 ਜਨਵਰੀ 2026 ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਪੈਨਲ ਵਿਚ ਸ਼ਾਮਲ ਨਿੱਜੀ ਹਸਪਤਾਲਾਂ ਵਿਚ ਹਰ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤਕ ਦਾ ਕੈਸ਼ਲੈੱਸ ਇਲਾਜ ਉਪਲੱਬਧ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਆਯੋਜਿਤ ਇਕ ਮੀਟਿੰਗ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਸਿਵਲ ਸਰਜਨ ਡਾ. ਰਾਜੇਸ਼ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਯੋਜਨਾ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਮੈਪਿੰਗ, ਰਜਿਸਟ੍ਰੇਸ਼ਨ ਅਤੇ ਲਾਗੂਕਰਨ ਪ੍ਰਕਿਰਿਆ ਨੂੰ ਸਰਲ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਡਾ. ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ’ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਚੱਲੀਆਂ ਗੋਲ਼ੀਆਂ! ਦਹਿਲਿਆ ਇਹ ਇਲਾਕਾ, ਸਹਿਮੇ ਲੋਕ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਵਿਅਕਤੀ ਦਾ ਪੰਜਾਬ ਦਾ ਵਾਸੀ ਹੋਣਾ ਜ਼ਰੂਰੀ ਹੈ। ਇਹ ਕਾਰਡ ਪਿੰਡ ਜਾਂ ਸ਼ਹਿਰ ਦੇ ਕਿਸੇ ਵੀ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਤੋਂ ਬਣਵਾਇਆ ਜਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਨੂੰ ਰਿਹਾਇਸ਼ ਸਰਟੀਫਿਕੇਟ ਵਜੋਂ ਜ਼ਰੂਰੀ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਯੋਜਨਾ ਦਾ ਲਾਭ ਉਠਾਉਣ ਲਈ ਹਰ ਯੋਗ ਵਿਅਕਤੀ ਦਾ ਵੱਖਰਾ ਕਾਰਡ ਬਣਾਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਲਾਭਪਾਤਰੀਆਂ ਲਈ ਆਧਾਰ ਕਾਰਡ ਨਾਲ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਵੋਟਰ ਕਾਰਡ ਜਾਂ ਪੰਜਾਬ ਵਿਚ ਰਹਿਣ ਵਾਲੇ ਗਾਰਜੀਅਨ ਦਾ ਵੋਟਰ ਕਾਰਡ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਯਮਿਤ ਮੁਲਾਜ਼ਮ, ਪੈਨਸ਼ਨਰ ਅਤੇ ਪੰਜਾਬ ਸਰਕਾਰ ਦੇ ਅਧੀਨ ਵਿਭਾਗਾਂ, ਸੰਗਠਨਾਂ, ਸੋਸਾਇਟੀਆਂ, ਕਾਰਪੋਰੇਸ਼ਨਾਂ ਅਤੇ ਟਰੱਸਟਾਂ ਵਿਚ ਆਊਟਸੋਰਸਿੰਗ ਜਾਂ ਕਾਂਟਰੈਕਟ ਆਧਾਰ ’ਤੇ ਤਾਇਨਾਤ ਕਰਮਚਾਰੀ ਵੀ ਇਸ ਯੋਜਨਾ ਤਹਿਤ ਲਾਭ ਪਾਉਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਲਗਭਗ 24.7 ਲੱਖ ਆਬਾਦੀ ਦੇ ਕਾਰਡ ਬਣਾਉਣ ਲਈ 649 ਕਾਮਨ ਸਰਵਿਸ ਸੈਂਟਰ ਪਛਾਣੇ ਗਏ ਹਨ। ਉਨ੍ਹਾਂ ਨੇ ਸਾਰੇ ਐੱਸ. ਡੀ. ਐੱਮਜ਼ ਨੂੰ ਆਪਣੇ-ਆਪਣੇ ਖੇਤਰਾਂ ਵਿਚ ਪੂਰੀ ਪ੍ਰਕਿਰਿਆ ਦੀ ਨਿਰੰਤਰ ਮਾਨੀਟਰਿੰਗ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਕੰਮ ਸਮੇਂ ’ਤੇ ਪੂਰਾ ਹੋ ਸਕੇ।
ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਸਰਪੰਚਾਂ, ਕੌਂਸਲਰਾਂ, ਪਟਵਾਰੀਆਂ, ਨੰਬਰਦਾਰਾਂ, ਆਸ਼ਾ ਵਰਕਰਾਂ, ਏ. ਐੱਨ. ਐੱਮ., ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਟੀਮ ਭਾਵਨਾ ਨਾਲ ਕੰਮ ਕਰਨ। ਇਸ ਮੀਟਿੰਗ ਵਿਚ ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ ਅਤੇ ਸ਼ੁਭੀ ਆਂਗਰਾ, ਸੀ. ਐੱਮ. ਐੱਫ. ਓ. ਨਵਦੀਪ ਸਿੰਘ, ਡੀ. ਐੱਮ. ਸੀ. ਡਾ. ਜਸਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 5 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ! 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ...
ਸਰਕਾਰੀ ਹਸਪਤਾਲਾਂ ਤੋਂ ਇਲਾਵਾ ਇਨ੍ਹਾਂ 47 ਪ੍ਰਾਈਵੇਟ ਹਸਪਤਾਲਾਂ ਨੂੰ ਪੈਨਲ ’ਚ ਕੀਤਾ ਗਿਆ ਹੈ ਸ਼ਾਮਲ
ਜਲੰਧਰ ਜ਼ਿਲ੍ਹੇ ਵਿਚ ਇਸ ਯੋਜਨਾ ਤਹਿਤ ਹੁਣ ਤਕ 15 ਸਰਕਾਰੀ ਅਤੇ 47 ਨਿੱਜੀ ਹਸਪਤਾਲ ਪੈਨਲ ਵਿਚ ਸ਼ਾਮਲ ਕੀਤੇ ਜਾ ਚੁੱਕੇ ਹਨ। ਇਸ ਸੂਚੀਬੱਧ ਪ੍ਰਮੁੱਖ ਨਿੱਜੀ ਹਸਪਤਾਲਾਂ ਵਿਚ ਦੋਆਬਾ ਹਸਪਤਾਲ, ਡਾ. ਜਗਨਪ੍ਰੀਤ ਮੁਲਤਾਨੀ ਪਲਾਸਟਿਕ ਸਰਜਰੀ ਹਸਪਤਾਲ, ਕਮਲ ਮਲਟੀਸਪੈਸ਼ਲਿਟੀ ਹਸਪਤਾਲ, ਨਿਊ ਹੋਪ ਸਟੋਨ ਅਤੇ ਫਰਟੀਲਿਟੀ ਕਲੀਨਿਕ, ਪਸਰੀਚਾ ਹਸਪਤਾਲ ਅਤੇ ਮੈਟਰਨਿਟੀ ਹੋਮ, ਅਪੈਕਸ ਹਸਪਤਾਲ ਮੈਟਰਨਿਟੀ ਹੋਮ, ਅਰਮਾਨ ਹਸਪਤਾਲ, ਮਾਨ ਮੈਡੀਸਿਟੀ, ਡਾਂਗ ਨਰਸਿੰਗ ਹੋਮ, ਨਿਊ ਰੂਬੀ ਹਸਪਤਾਲ, ਰਣਜੀਤ ਹਸਪਤਾਲ, ਅਰੋੜਾ ਆਈ ਹਸਪਤਾਲ ਅਤੇ ਰੈਟਿਨਾ ਸੈਂਟਰ, ਗਲੋਬਲ ਹਸਪਤਾਲ, ਜੋਸ਼ੀ ਹਸਪਤਾਲ ਅਤੇ ਟਰੌਮਾ ਸੈਂਟਰ, ਅਮਰ ਹਸਪਤਾਲ, ਸਿਗਮਾ ਹਸਪਤਾਲ, ਅਕਾਲ ਆਈ ਹਸਪਤਾਲ, ਰਤਨ ਹਸਪਤਾਲ, ਸ਼ਕੁੰਤਲਾ ਦੇਵੀ ਵਿਗ ਹਸਪਤਾਲ, ਕੇਅਰ ਬੈਸਟ ਸੁਪਰਸਪੈਸ਼ਲਿਟੀ ਹਸਪਤਾਲ, ਮਹਾਜਨ ਆਈ ਹਸਪਤਾਲ, ਅਰੋੜਾ ਨਰਸਿੰਗ ਹੋਮ ਫਿਲੌਰ, ਘਈ ਹਸਪਤਾਲ, ਬੀ. ਬੀ. ਸੀ. ਹਾਰਟ ਕੇਅਰ, ਸਿੱਕਾ ਹਸਪਤਾਲ, ਦੁੱਗਲ ਆਈ ਹਸਪਤਾਲ, ਐੱਨ. ਐੱਚ. ਐੱਸ. ਹਸਪਤਾਲ, ਸਰਵੋਦਿਆ ਹਸਪਤਾਲ, ਕਿਡਨੀ ਹਸਪਤਾਲ, ਲਾਈਫਲਾਈਨ ਮੈਡੀਕਲ ਇੰਸਟੀਚਿਊਟ, ਪੀ. ਐੱਮ. ਜੀ. ਚਿਲਡਰਨ ਹਸਪਤਾਲ, ਏ. ਐੱਨ. ਨਿਊਰੋ ਕ੍ਰਿਟੀਕਲ ਕੇਅਰ ਸੈਂਟਰ, ਸੀ. ਐੱਮ. ਸੀ. ਹਸਪਤਾਲ, ਸ਼ਰਨਜੀਤ ਹਸਪਤਾਲ, ਕੈਪੀਟੋਲ ਹਸਪਤਾਲ, ਡਾ. ਥਿੰਦ ਆਈ ਹਸਪਤਾਲ, ਗੰਗਾ ਆਰਥੋਕੇਅਰ, ਏਮਜ਼ ਸੰਜੀਵਨੀ ਹਸਪਤਾਲ, ਕਮਲ ਹਸਪਤਾਲ, ਐੱਚ. ਪੀ. ਆਰਥੋਕੇਅਰ, ਐਟਲਸ ਮਲਟੀਸਪੈਸ਼ਲਿਟੀ, ਕਪੂਰ ਬੋਨ ਐਂਡ ਚਿਲਡਰਨ ਹਸਪਤਾਲ, ਗੋਇਲ ਕਿਡਨੀ ਕੇਅਰ, ਅਸਥਾ ਹਸਪਤਾਲ, ਕਪਿਲ ਹਸਪਤਾਲ, ਐੱਸ. ਕੇ. ਸੰਜੀਵ ਮਲਟੀਸਪੈਸ਼ਲਿਟੀ, ਨੈਸ਼ਨਲ ਆਈ ਕੇਅਰ ਹਸਪਤਾਲ ਅਤੇ ਡੀ. ਐੱਮ. ਸੀ. ਹਸਪਤਾਲ ਐਂਡ ਟਰੌਮਾ ਸੈਂਟਰ ਸ਼ਾਮਲ ਹਨ।
ਇਹ ਵੀ ਪੜ੍ਹੋ: Year Ender 2025: ਪੰਜਾਬ 'ਚ ਜਬਰ-ਜ਼ਿਨਾਹ ਤੇ ਗੈਂਗਰੇਪ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ, ਦਿੱਤੇ ਡੂੰਘੇ ਜ਼ਖ਼ਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
