ਜਲੰਧਰ ''ਚ ਮਾਸੂਮ ਨਾਲ ਗੰਦਾ ਕੰਮ ਕਰਨ ਵਾਲੇ ਗੁਆਂਢੀ ਬਾਰੇ ਬਿਆਨ ਦੇ ਘਿਰੇ ਪਾਸਟਰ ਅੰਕੁਰ ਨਰੂਲਾ, Video Viral
Friday, Dec 19, 2025 - 06:17 PM (IST)
ਜਲੰਧਰ (ਸੋਨੂੰ): ਜਲੰਧਰ ਵੈਸਟ ਵਿਚ 13 ਸਾਲਾ ਮਾਸੂਮ ਬੱਚੀ ਨਾਲ ਹੈਵਾਨੀਅਤ ਭਰੇ ਕਤਲਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਰਿੰਪੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੇ ਵਿਰੋਧ ਵਿਚ ਜਲੰਧਰ ਸਮੇਤ ਪੂਰਾ ਪੰਜਾਬ ਦੇ ਲੋਕਾਂ ਵਿਚ ਬਹੁਤ ਗੁੱਸਾ ਹੈ।
ਦੂਜੇ ਪਾਸੇ ਇਸ ਮਾਮਲੇ ਵਿਚ ਪਾਸਟਰ ਅੰਕੁਰ ਨਰੂਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਮੁਲਜ਼ਮ ਨੂੰ 'ਮੁਆਫ਼ੀ' ਦਿਵਾਉਣ ਦੀ ਗੱਲ ਕਹਿੰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ 14 ਦਸੰਬਰ ਨੂੰ ਮਸੀਹ ਭਾਈਚਾਰੇ ਨਾਲ ਜੁੜੇ ਇਕ ਵਿਅਕਤੀ ਵੱਲੋਂ ਪੋਸਟ ਕੀਤੀ ਗਈ ਸੀ। ਹਾਲਾਂਕਿ ਇਸ ਵੀਡੀਓ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਵਾਇਰਲ ਵੀਡੀਓ ਵਿਚ 13 ਸਾਲਾ ਬੱਚੀ ਤੇ ਮੁਲਜ਼ਮ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਪਰ ਪਾਸਟਰ ਨਰੂਲਾ ਬਿਨਾਂ ਕਿਸੇ ਦਾ ਨਾਂ ਲਏ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਕ ਵਿਅਕਤੀ ਤੋਂ ਪਾਪ ਹੋ ਗਿਆ ਤੇ ਹੁਣ ਉਸ ਦੇ ਧਰਮ ਦੇ ਲੋਕ ਕਹਿ ਰਹੇ ਹਨ ਕਿ ਮੁਲਜ਼ਮ ਉਨ੍ਹਾਂ ਦੇ ਧਰਮ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਸ਼ ਉਨ੍ਹਾਂ ਨੂੰ ਉਸ ਵਿਅਕਤੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ।
ਵੀਡੀਓ ਵਿਚ ਨਰੂਲਾ ਕਹਿ ਰਹੇ ਹਨ ਭਾਵੇਂ ਮੁਲਜ਼ਮ ਉਨ੍ਹਾਂ ਦੀ ਚਰਚ ਨਾਲ ਜੁੜਿਆ ਨਹੀਂ ਹੈ, ਫ਼ਿਰ ਵੀ ਉਹ ਉਸ ਨੂੰ ਸਮਝਾਉਣਾ ਚਾਹੁੰਦੇ ਹਨ ਕਿ ਇਕ ਪਾਪਨੀ ਦੀ ਦੁਨੀਆ ਵਿਚ ਕੋਈ ਅਹਿਮੀਅਤ ਨਹੀਂ ਹੁੰਦੀ। ਯਸੂ ਮਸੀਹ ਨੇ ਪਾਪਾਂ ਦੀ ਮੁਆਫ਼ੀ ਲਈ ਕ੍ਰੂਸ 'ਤੇ ਕੁਰਬਾਨੀ ਦਿੱਤੀ ਹੈ। ਪਾਸਟਰ ਨਰੂਲਾ ਨੇ ਵੀਡੀਓ ਵਿਚ ਇਹ ਵੀ ਕਿਹਾ ਹੈ ਕਿ ਪਾਪ ਮੁਆਫ਼ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਕਾਨੂੰਨ ਤੋਂ ਛੁਟਕਾਰਾ ਮਿਲ ਜਾਵੇਗਾ, ਕਿਉਂਕਿ ਕਾਨੂੰਨ ਤਾਂ ਆਪਣਾ ਕੰਮ ਕਰੇਗਾ ਹੀ। ਉਨ੍ਹਾਂ ਅੱਗੇ ਕਿਹਾ ਕਿ ਇਨਸਾਨ ਨੂੰ ਆਪਣੇ ਪਾਪਾਂ ਦੀ ਮੁਆਫ਼ੀ ਲਈ ਯਸੂ ਮਸੀਹ ਦੇ ਕੋਲ ਜਾਣਾ ਚਾਹੀਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉੱਥੇ ਹੀ ਲੋਕ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਜਦੋਂ ਅੰਕੁਰ ਨਰੂਲਾ ਤੋਂ ਉਕਤ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਹੈ ਮੁਆਫ਼ੀ ਦਾ ਸੁਨੇਹਾ ਦੇਣ ਦਾ। ਉਨ੍ਹਾਂ ਕਿਹਾ ਕਿ ਯਸੂ ਮਸੀਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੋੜ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਖ਼ੁਸ਼ੀ ਨਾਲ ਗਲਤ ਕੰਮ ਨਹੀਂ ਕਰਦਾ, ਉਸ ਪਿੱਛੇ ਬਹੁਤ ਸਾਰੀਆਂ ਮਾਨਸਿਕ ਚੀਜ਼ਾਂ ਹੁੰਦੀਆਂ ਹਨ। ਨਰੂਲਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਵੀ ਨਾਲ ਹੀ ਕਹੀ ਸੀ ਕਿ ਮੁਆਫ਼ੀ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਸਜ਼ਾ ਨਹੀਂ ਹੋਵੇਗੀ, ਸਗੋਂ ਉਸ ਦੇ ਪਾਪ ਮੁਆਫ਼ ਹੋਣਗੇ। ਉਨ੍ਹਾਂ ਕਿਹਾ ਕਿ ਜੇ ਕੋਈ ਪ੍ਰਭੂ ਤੋਂ ਮੁਆਫ਼ੀ ਮੰਗਦਾ ਹੈ ਤਾਂ ਉਹ ਮਰਨ ਤੋਂ ਬਾਅਦ ਸਵਰਗ ਵੀ ਜਾ ਸਕਦਾ ਹੈ।
