ਵਿਜੀਲੈਂਸ ਨੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ’ਚ ਘਪਲਾ ਕਰਨ ਵਾਲਾ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ

Saturday, Apr 01, 2023 - 01:42 AM (IST)

ਵਿਜੀਲੈਂਸ ਨੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ’ਚ ਘਪਲਾ ਕਰਨ ਵਾਲਾ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਭਾਰਤ ਸਰਕਾਰ ਦੀ ਇੰਦਰਾ ਆਵਾਸ ਯੋਜਨਾ ਤਹਿਤ ਗ਼ਰੀਬ ਅਤੇ ਬੇਘਰਿਆਂ ਲਈ ਸਾਲ 2012 ’ਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ, ਜ਼ਿਲ੍ਹਾ ਕਪੂਰਥਲਾ ਨੂੰ ਪ੍ਰਾਪਤ ਹੋਈ ਕੁਲ 13,50,000 ਰੁਪਏ ਦੀ ਗ੍ਰਾਂਟ ’ਚੋਂ ਮਿਲੀਭੁਗਤ ਰਾਹੀਂ ਕੁਲ 45,000 ਰੁਪਏ ਰਾਸ਼ੀ ਹੜੱਪਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਸ਼ੁੱਕਰਵਾਰ ਨੂੰ ਪਿੰਡ ਮਹਿਮਦਵਾਲ ਨਿਵਾਸੀ ਮਹਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਿਛਲੇ 3 ਸਾਲ 4 ਮਹੀਨਿਆਂ ਤੋਂ ਫਰਾਰ ਚੱਲਿਆ ਆ ਰਿਹਾ ਸੀ। ਵਰਣਨਯੋਗ ਹੈ ਕਿ ਛੇ ਸਾਲ ਪਹਿਲਾਂ ਦਰਜ ਇਸ ਮੁਕੱਦਮੇ ’ਚ ਸ਼ਾਮਲ ਕੁੱਲ 132 ਦੋਸ਼ੀਆਂ ’ਚੋਂ ਹੁਣ ਤੱਕ 118 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਾਕ ਢਿੱਲਵਾਂ ਅਧੀਨ ਆਉਂਦੇ ਪਿੰਡ ਮਹਿਮਦਵਾਲ ਦੇ ਗ਼ਰੀਬ ਅਤੇ ਬੇਘਰਿਆਂ ਲਈ ਭਾਰਤ ਸਰਕਾਰ ਦੀ ਇੰਦਰਾ ਆਵਾਸ ਯੋਜਨਾ ਤਹਿਤ ਸਾਲ 2012 ’ਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ ਨੂੰ ਪ੍ਰਾਪਤ ਕੁੱਲ 13,50,000 ਰੁਪਏ ਦੀ ਗ੍ਰਾਂਟ ਨੂੰ ਤੱਤਕਾਲੀ ਏ. ਡੀ. ਸੀ. ਵਿਕਾਸ-ਕਮ-ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਸ਼ਤੀਸ਼ ਚੰਦਰ ਵਸ਼ਿਸ਼ਟ ਨੇ ਆਸਾ ਸਿੰਘ ਸਰਪੰਚ ਪਿੰਡ ਮਹਿਮਦਵਾਲ ਅਤੇ ਕੁਲਵੰਤ ਸਿੰਘ ਪੰਚਾਇਤ ਸਕੱਤਰ ਨਾਲ ਮਿਲੀਭੁਗਤ ਕਰਕੇ ਅਯੋਗ ਲਾਭਪਾਤਰੀਆਂ ਦੇ ਨਾਂ ਉਪਰ ਵੱਖ-ਵੱਖ ਚੈੱਕ ਕੱਟ ਕੇ ਉਸ ਗ੍ਰਾਂਟ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਪਰੰਤ ਤੱਤਕਾਲੀ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਸਿਫ਼ਾਰਿਸ਼ ਉੱਤੇ ਵੱਖ-ਵੱਖ ਅਧਿਕਾਰੀਆਂ ਦੀ ਪੰਜ ਮੈਂਬਰੀ ਕਮੇਟੀ ਨੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਜ਼ਿਲ੍ਹਾ ਕਪੂਰਥਲਾ ’ਚ ਪੈਂਦੇ 31 ਪਿੰਡਾਂ ਦੇ 411 ਅਯੋਗ ਲਾਭਪਾਤਰੀਆਂ ਨੂੰ ਸਾਲ 2011-12 ਦੌਰਾਨ 1,80,00,000 ਰੁਪਏ ਦੀ ਨਾਜਾਇਜ਼ ਅਦਾਇਗੀ ਕਰਨੀ ਪਾਈ ਗਈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਇਸ ਸਬੰਧ ’ਚ ਵਿਜੀਲੈਂਸ ਬਿਊਰੋ ਵੱਲੋਂ 132 ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 01 ਮਿਤੀ 03-02-17 ਨੂੰ ਆਈ. ਪੀ. ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ’ਚ ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਉਕਤ ਦੋਸ਼ੀ ਮਹਿੰਦਰ ਵਾਸੀ ਪਿੰਡ ਮਹਿਮਦਵਾਲ, ਜ਼ਿਲ੍ਹਾ ਕਪੂਰਥਲਾ ਨੂੰ ਪੜਤਾਲ ਉਪਰੰਤ ਮਿਤੀ 16-12-2019 ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮਹਿੰਦਰ ਵੱਲੋਂ ਅਯੋਗ ਲਾਭਪਾਤਰੀ ਹੁੰਦੇ ਹੋਏ ਇਸ ਇੰਦਰਾ ਆਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਮਿਤੀ 03-03-2012 ਅਤੇ 07-03-2012 ਨੂੰ ਵੱਖ-ਵੱਖ ਚੈੱਕਾਂ ਰਾਹੀਂ ਕੁੱਲ 45,000 ਰੁਪਏ ਦੀ ਮਿਲੀ ਗਰਾਂਟ ਪਿੰਡ ਮਹਿਮਦਵਾਲ ਦੇ ਸਰਪੰਚ ਆਸਾ ਸਿੰਘ ਅਤੇ ਪੰਚਾਇਤ ਸਕੱਤਰ ਕੁਲਵੰਤ ਸਿੰਘ ਦੀ ਮਿਲੀਭੁਗਤ ਨਾਲ ਹੜੱਪ ਕਰ ਲਈ ਸੀ। ਵਰਣਨਯੋਗ ਹੈ ਕਿ ਉਪਰੋਕਤ ਮੁਕੱਦਮੇ ’ਚ ਕੁੱਲ 132 ਦੋਸ਼ੀਆਂ ’ਚੋਂ ਹੁਣ ਤੱਕ 118 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ਉਪਰ ਵਿਜੀਲੈਂਸ ਵੱਲੋਂ ਦਬਿਸ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Manoj

Content Editor

Related News