BIG BREAKING: ਪੰਜਾਬ ''ਚ ED ਦੀ ਇਕ ਹੋਰ RAID

Wednesday, May 13, 2026 - 05:31 PM (IST)

BIG BREAKING: ਪੰਜਾਬ ''ਚ ED ਦੀ ਇਕ ਹੋਰ RAID

ਲੁਧਿਆਣਾ (ਸੇਠੀ): ਮਹਾਨਗਰ ਵਿਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸਮੇਤ ਕੇਂਦਰੀ ਏਜੰਸੀ ਦੀਆਂ ਟੀਮਾਂ ਨੇ ਫਿਰੋਜ਼ਪੁਰ ਰੋਡ ਸਥਿਤ ਗ੍ਰੀਨ ਸਿਟੀ ਇਲਾਕੇ ਵਿਚ ਕਾਰੋਬਾਰੀ ਜਤਿੰਦਰ ਸਚਦੇਵਾ ਦੇ ਟਿਕਾਣਿਆਂ 'ਤੇ ਦਬਿਸ਼ ਦਿੱਤੀ। ਸੂਤਰਾਂ ਅਨੁਸਾਰ ਟੀਮ ਨੇ ਸਵੇਰੇ-ਸਵੇਰੇ ਘਰ, ਦਫ਼ਤਰ ਅਤੇ ਹੋਰ ਕੰਪਲੈਕਸਾਂ ਵਿਚ ਜਾਂਚ ਸ਼ੁਰੂ ਕੀਤੀ ਅਤੇ ਕਾਰੋਬਾਰੀ ਲੈਣ-ਦੇਣ ਅਤੇ ਦਸਤਾਵੇਜ਼ਾਂ ਨੂੰ ਲੈ ਕੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਕਈ ਅਹਿਮ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਨ ਅਤੇ ਕਾਰੋਬਾਰੀ ਰਿਕਾਰਡ ਆਪਣੇ ਕਬਜ਼ੇ ਵਿਚ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦਾ ਘੇਰਾ ਕਾਰੋਬਾਰੀ ਨੈੱਟਵਰਕ ਅਤੇ ਵਿੱਤੀ ਲੈਣ-ਦੇਣ ਨਾਲ ਜੁੜਿਆ ਹੋਇਆ ਹੈ, ਹਾਲਾਂਕਿ ਏਜੰਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀ ਨੇ ਸ਼ਹਿਰ ਦੇ ਹੋਰ ਸਬੰਧਤ ਟਿਕਾਣਿਆਂ 'ਤੇ ਵੀ ਇੱਕੋ ਸਮੇਂ ਛਾਪੇਮਾਰੀ ਕੀਤੀ, ਜਿਸ ਨਾਲ ਪੂਰੇ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅਚਾਨਕ ਕੇਂਦਰੀ ਏਜੰਸੀ ਦੀਆਂ ਗੱਡੀਆਂ ਦੇ ਪਹੁੰਚਣ ਨਾਲ ਗ੍ਰੀਨ ਸਿਟੀ ਖੇਤਰ ਵਿਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਕਾਰੋਬਾਰੀ ਜਗਤ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਜ਼ਿਕਰਯੋਗ ਹੈ ਕਿ ਕਰੀਬ 25 ਦਿਨ ਪਹਿਲਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਵੀ ਈ.ਡੀ. ਨੇ ਰੇਡ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਨੀਰਜ ਸਤੀਜਾ ਸਮੇਤ ਹੋਰ ਸਹਿਯੋਗੀਆਂ ਅਤੇ ਸਬੰਧਤ ਫਰਮਾਂ ਦੀ ਵੀ ਜਾਂਚ ਕੀਤੀ ਗਈ ਸੀ। ਈ.ਡੀ. ਨੂੰ ਕਥਿਤ ਮਨੀ ਲਾਂਡਰਿੰਗ, ਫਰਜ਼ੀ ਨਿਰਯਾਤ ਬਿਲਿੰਗ, ਯੂ.ਏ.ਈ. ਤੋਂ ਫੰਡਾਂ ਦੀ ਰਾਊਂਡ-ਟ੍ਰਿਪਿੰਗ ਅਤੇ ਗੈਰ-ਮੌਜੂਦ ਜੀ.ਐੱਸ.ਟੀ. ਫਰਮਾਂ ਰਾਹੀਂ ਫਰਜ਼ੀ ਖਰੀਦਦਾਰੀ ਦਿਖਾਉਣ ਵਰਗੇ ਮਾਮਲਿਆਂ ਵਿਚ ਸ਼ੱਕ ਹੈ।

ਸੂਤਰਾਂ ਅਨੁਸਾਰ ਮੌਜੂਦਾ ਕਾਰਵਾਈ ਨੂੰ ਵੀ ਉਸੇ ਜਾਂਚ ਲੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਏਜੰਸੀ ਵਿੱਤੀ ਲੈਣ-ਦੇਣ ਅਤੇ ਕਾਰੋਬਾਰੀ ਸਬੰਧਾਂ ਦੀਆਂ ਕੜੀਆਂ ਨੂੰ ਖੰਗਾਲ ਰਹੀ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਏਜੰਸੀ ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।


author

Anmol Tagra

Content Editor

Related News