ਬਲ਼ਦੇ ਤੰਦੂਰ ''ਚ ਕਤੂਰੇ ਨੂੰ ਸੁੱਟਣ ਵਾਲਾ ਗ੍ਰਿਫ਼ਤਾਰ, CCTV ਫੁਟੇਜ ਦੀ ਮਦਦ ਨਾਲ ਕੀਤਾ ਕਾਬੂ

Tuesday, May 19, 2026 - 02:14 PM (IST)

ਬਲ਼ਦੇ ਤੰਦੂਰ ''ਚ ਕਤੂਰੇ ਨੂੰ ਸੁੱਟਣ ਵਾਲਾ ਗ੍ਰਿਫ਼ਤਾਰ, CCTV ਫੁਟੇਜ ਦੀ ਮਦਦ ਨਾਲ ਕੀਤਾ ਕਾਬੂ

ਚੰਡੀਗੜ੍ਹ (ਸੁਸ਼ੀਲ) : ਇੱਥੇ ਬਾਪੂਧਾਮ 'ਚ ਬਲ਼ਦੇ ਤੰਦੂਰ 'ਚ ਕਤੂਰੇ ਨੂੰ ਸੁੱਟਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬਾਪੂ ਧਾਮ ਫੇਜ਼-2 ਦੇ ਰਹਿਣ ਵਾਲੇ ਨੀਰਜ ਉਰਫ਼ ਭੋਲਾ ਵਜੋਂ ਹੋਈ ਹੈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਉਸਦਾ ਪਤਾ ਲਗਾਇਆ। ਘਟਨਾ ਸਮੇਂ ਨੀਰਜ ਸ਼ਰਾਬ ਦੇ ਨਸ਼ੇ 'ਚ ਸੀ। ਸੈਕਟਰ-26 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਪੂ ਧਾਮ ਦੇ ਪੱਲੇਦਾਰ ਸੰਜੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਨੂੰ ਸਬਜ਼ੀ ਮੰਡੀ ਤੋਂ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਫੇਜ਼-2 ਦੇ ਨੂਰਾਨੀ ਢਾਬੇ ਦੇ ਕੋਲ ਪਹੁੰਚਿਆ ਤਾਂ ਉਸਨੇ ਇਕ ਨੌਜਵਾਨ ਨੂੰ ਹੱਥ 'ਚ ਛੋਟਾ ਜਿਹਾ ਕਤੂਰਾ ਚੁੱਕੇ ਦੇਖਿਆ। ਸੰਜੇ ਦੇ ਅਨੁਸਾਰ ਨੌਜਵਾਨ ਸੰਪਰਕ ਕੇਂਦਰ ਵਲੋਂ ਆਇਆ ਸੀ। ਕੁੱਝ ਪਲਾਂ ਬਾਅਦ ਉਸਨੇ ਅਚਾਨਕ ਕਤੂਰੇ ਨੂੰ ਢਾਬੇ ਦੇ ਬਾਹਰ ਬਲ਼ਦੇ ਤੰਦੂਰ 'ਚ ਸੁੱਟ ਦਿੱਤਾ ਅਤੇ ਭੱਜ ਗਿਆ। ਤੰਦੂਰ 'ਚ ਡਿੱਗਦੇ ਹੀ ਕਤੂਰੇ ਦੀਆਂ ਦਰਦਨਾਕ ਚੀਕਾਂ ਸੁਣਾਈ ਦਿੱਤੀਆਂ। ਸੰਜੇ ਇਸ ਭਿਆਨਕ ਦ੍ਰਿਸ਼ ਤੋਂ ਡਰ ਗਿਆ।
ਚੀਕਾਂ ਸੁਣ ਕੇ ਭੱਜਿਆ ਮਜ਼ਦੂਰ, ਪਰ ਨਹੀਂ ਬਚ ਸਕੀ ਜਾਨ 
ਸੰਜੇ ਤੁਰੰਤ ਆਪਣੀ ਜਾਨ ਜੋਖਮ 'ਚ ਪਾ ਕੇ ਤੰਦੂਰ ਵੱਲ ਭੱਜਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸਨੇ ਕਤੂਰੇ ਨੂੰ ਬਲ਼ਦੇ ਤੰਦੂਰ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੁਰੀ ਤਰ੍ਹਾਂ ਸੜਿਆ ਮਾਸੂਮ ਕਤੂਰਾ ਮਰ ਚੁੱਕਾ ਸੀ। ਘਟਨਾ ਤੋਂ ਬਾਅਦ ਆਲੇ -ਦੁਆਲੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਇਸ ਅਣਮਨੁੱਖੀ ਘਟਨਾ ਤੋਂ ਹਰ ਕੋਈ ਹੈਰਾਨ ਰਹਿ ਗਿਆ। ਕਈਆਂ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੰਜੇ ਨੇ ਬਾਅਦ 'ਚ ਬਾਪੂ ਧਾਮ ਦੇ ਸੁਖਨਾ ਚੋਅ ਨੇੜੇ ਮਰੇ ਹੋਏ ਕਤੂਰੇ ਨੂੰ ਦਫ਼ਨਾ ਦਿੱਤਾ। ਸੰਜੇ ਦੇ ਬਿਆਨ ਦੇ ਆਧਾਰ ’ਤੇ ਸੈਕਟਰ-26 ਪੁਲਸ ਨੇ ਜਾਨਵਰਾਂ ’ਤੇ ਜ਼ੁਲਮ ਐਕਟ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।


author

Babita

Content Editor

Related News