ਨੌਜਵਾਨ ਗਗਨਦੀਪ ਕਤਲ ਮਾਮਲੇ ’ਚ ਪੁਲਸ ਵਲੋਂ 3 ਹੋਰ ਗ੍ਰਿਫ਼ਤਾਰ
Friday, May 08, 2026 - 06:14 PM (IST)
ਮਾਛੀਵਾੜਾ ਸਾਹਿਬ (ਟੱਕਰ) : ਪਿੰਡ ਹੇਡੋਂ ਬੇਟ ਦੇ ਨਿਵਾਸੀ ਗਗਨਦੀਪ ਸਿੰਘ ਉਰਫ਼ ਬਿੱਲਾ ਦੇ ਕਤਲ ਮਾਮਲੇ ’ਚ ਪੁਲਸ ਵਲੋਂ 3 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਲਵਦੀਪ ਸਿੰਘ ਤੇ ਹਰਜੀਤ ਸਿੰਘ (ਦੋਵੇਂ ਵਾਸੀਆਨ ਬੋਹਾਪੁਰ), ਦਵਿੰਦਰ ਸਿੰਘ ਵਾਸੀ ਤੱਖਰਾਂ ਵਜੋਂ ਹੋਈ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਤੀਪੁਰ ਰੋਡ ’ਤੇ ਖੂਨੀ ਝੜਪ ਦੌਰਾਨ ਨੌਜਵਾਨ ਗਗਨਦੀਪ ਸਿੰਘ ਦਾ ਕਤਲ ਹੋ ਗਿਆ ਸੀ ਜਦਕਿ ਦੂਜਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 11 ਵਿਅਕਤੀ ਜਿਨ੍ਹਾਂ ਦੀ ਪਹਿਚਾਣ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ ਜਦਕਿ ਕੁਝ ਅਣਪਛਾਤੇ ਵੀ ਸ਼ਾਮਲ ਹਨ।
ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਟੀਮਾਂ ਵਲੋਂ ਲਗਾਤਾਰ ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਹੋਰਨਾਂ ਸੂਬਿਆਂ ਵਿਚ ਵੀ ਛਾਪੇਮਾਰੀ ਕੀਤੀ ਗਈ ਜਿਸ ਵਿਚ 5 ਮੁਲਜ਼ਮ ਪਹਿਲਾਂ ਗ੍ਰਿਫ਼ਤਾਰ ਕਰ ਲਏ ਗਏ ਅਤੇ ਅੱਜ 3 ਹੋਰ ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀ ਕਤਲ ਘਟਨਾ ’ਚ ਸ਼ਾਮਲ ਸਨ। ਦੂਸਰੇ ਪਾਸੇ ਪਰਿਵਾਰ ਵਲੋਂ ਵੀ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 15 ਮਈ ਤੱਕ ਗਗਨਦੀਪ ਸਿੰਘ ਬਿੱਲਾ ਦੇ ਸਾਰੇ ਕਾਤਲ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਣਗੇ। ਪੁਲਸ ਵਲੋਂ ਇਸ ਮਾਮਲੇ ਵਿਚ ਬੜੀ ਤੇਜੀ ਨਾਲ ਕਾਰਵਾਈ ਕਰਦਿਆਂ 15 ਮਈ ਤੋਂ ਪਹਿਲਾਂ 8 ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਥਾਣਾ ਮੁਖੀ ਨੇ ਕਿਹਾ ਕਿ ਬਾਕੀ ਹੋਰ ਵੀ ਜਲਦ ਕਾਬੂ ਕਰ ਲਏ ਜਾਣਗੇ।
