ਪੰਜਾਬ ਪੁਲਸ ਨੇ ਪਾਕਿਸਤਾਨ ਤੋਂ ਆਏ ਹਥਿਆਰਾਂ ਸਣੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Wednesday, May 13, 2026 - 04:01 PM (IST)
ਅੰਮ੍ਰਿਤਸਰ (ਜ. ਬ.): ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਹਰਮਨਦੀਪ ਸਿੰਘ ਉਰਫ਼ ਹਰਮਨ, ਮਨੀਸ਼ ਸਿੰਘ ਉਰਫ਼ ਮਨੀਸ਼, ਕਿਸ਼ਨ ਸਿੰਘ ਅਤੇ ਇਕ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਆਧੁਨਿਕ ਪਿਸਤੌਲ ਅਤੇ 14 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਾਰਾ ਆਪਰੇਸ਼ਨ ਇੰਟੈਲੀਜੈਂਸ ਅਧਾਰਿਤ ਸੀ, ਜਿਸ ਨੂੰ ਐਂਟੀ ਨਾਰਕੋਟਿਕ ਆਪਰੇਸ਼ਨ ਸੈੱਲ ਵੱਲੋਂ ਅੰਜਾਮ ਦਿੱਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਆਰੋਪੀ ਆਕਾਸ਼ਦੀਪ ਸਿੰਘ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸੰਪਰਕ ਵਿਚ ਸੀ ਅਤੇ ਡਰੋਨਾਂ ਰਾਹੀਂ ਅਟਾਰੀ ਸੈਕਟਰ ਵਿਚ ਸੁੱਟੀਆਂ ਜਾਣ ਵਾਲੀਆਂ ਹਥਿਆਰਾਂ ਦੀਆਂ ਖੇਪਾਂ ਨੂੰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਂਦਾ ਸੀ। ਪੁਲਸ ਮੁਤਾਬਕ ਆਕਾਸ਼ਦੀਪ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ੍ਹ ਕੱਟ ਚੁੱਕਾ ਹੈ। ਸਾਲ 2020 ਵਿਚ ਲੋਪੋਕੇ ਥਾਣੇ ਵਿਚ ਦਰਜ ਦੋ ਕਿਲੋ ਹੈਰੋਇਨ ਮਾਮਲੇ ਵਿਚ ਉਹ ਗ੍ਰਿਫ਼ਤਾਰ ਹੋਇਆ ਸੀ ਅਤੇ 23 ਮਾਰਚ 2026 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਮੁੜ ਸਰਹੱਦ ਪਾਰ ਤਸਕਰਾਂ ਨਾਲ ਸੰਪਰਕ ਕਰਕੇ ਆਪਣਾ ਨੈੱਟਵਰਕ ਸਰਗਰਮ ਕਰ ਲਿਆ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਆਕਾਸ਼ਦੀਪ ਨੇ ਆਪਣੇ ਇਲਾਕੇ ਦੇ ਨੌਜਵਾਨਾਂ ਅਤੇ ਇਕ ਨਾਬਾਲਿਗ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਧੰਦੇ ਵਿਚ ਜੋੜਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਲੇਬਰ ਅਤੇ ਪਲੰਬਰੀ ਦਾ ਕੰਮ ਕਰਦੇ ਸਨ ਅਤੇ ਛੋਟੀ ਉਮਰ ਵਿਚ ਵੱਧ ਪੈਸੇ ਕਮਾਉਣ ਦੇ ਲਾਲਚ ਕਾਰਨ ਇਸ ਰਾਹ ‘ਤੇ ਤੁਰ ਪਏ। ਪੁਲਸ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਗਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਦੀ ਲੋੜ ਹੈ।
