ਦੀਨਾਨਗਰ ਪੁਲਸ ਨੂੰ ਮਿਲੀ ਵੱਡੀ ਸਫਲਤਾ: ਭੈਣ ਦੇ ਸੋਗ ''ਚ ਗਏ ਸਰਪੰਚ ਦੇ ਪਿੱਛੋਂ ਘਰ ਸਾਫ਼ ਕਰਨ ਵਾਲਾ ਚੋਰ ਕਾਬੂ

Thursday, May 21, 2026 - 03:16 AM (IST)

ਦੀਨਾਨਗਰ ਪੁਲਸ ਨੂੰ ਮਿਲੀ ਵੱਡੀ ਸਫਲਤਾ: ਭੈਣ ਦੇ ਸੋਗ ''ਚ ਗਏ ਸਰਪੰਚ ਦੇ ਪਿੱਛੋਂ ਘਰ ਸਾਫ਼ ਕਰਨ ਵਾਲਾ ਚੋਰ ਕਾਬੂ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਦਾਊਵਾਲ ਦੇ ਸਰਪੰਚ ਦੇ ਘਰ ਦਿਨ-ਦਿਹਾੜੇ ਹੋਈ ਚੋਰੀ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਂਦੇ ਹੋਏ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਬੀਤੇ ਦਿਨੀਂ ਸਰਪੰਚ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਦੀ ਮੌਤ ਹੋਣ ਕਾਰਨ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ। ਇਸ ਦੌਰਾਨ ਚੋਰਾਂ ਨੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਦੇ ਤਾਲੇ ਤੋੜ ਕੇ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਮਨਪ੍ਰੀਤ ਇਆਲੀ ਨੇ ਅਕਾਲੀ ਦਲ ਪੁਨਰ ਸੁਰਜੀਤ 'ਚੋਂ ਦਿੱਤਾ ਅਸਤੀਫ਼ਾ

ਘਟਨਾ ਦਾ ਪਤਾ ਉਸ ਵੇਲੇ ਲੱਗਾ, ਜਦੋਂ ਸਰਪੰਚ ਪਰਿਵਾਰ ਸਮੇਤ ਵਾਪਸ ਘਰ ਪਹੁੰਚਿਆ ਅਤੇ ਘਰ ਦੇ ਤਾਲੇ ਟੁੱਟੇ ਵੇਖੇ। ਘਰ ਅੰਦਰ ਸਾਮਾਨ ਖਿਲਰਿਆ ਪਿਆ ਸੀ ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਗਈ। ਪੁਲਸ ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਹੋਈ ਜਿਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੇ ਚੋਰੀ ਦੀ ਵਾਰਦਾਤ ਕਬੂਲ ਕਰ ਲਈ ਹੈ ਅਤੇ ਉਸ ਕੋਲੋਂ ਕੁਝ ਚੋਰੀ ਕੀਤਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਅਰੁਣ ਗਿੱਲ ਵਾਸੀ ਮਹਿਤਾਬਪੁਰ ਥਾਣਾ ਮੁਕੇਰੀਆਂ ਵਜੋਂ ਦੱਸੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News