ਵਿਦੇਸ਼ ’ਚੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਇਆ ਸੀ ਮੁੰਡਾ, ਚੋਰ ਚੋਰੀ ਕਰਕੇ ਲੈ ਗਏ ਸਾਰਾ ਸਮਾਨ

Monday, Dec 25, 2023 - 05:16 PM (IST)

ਵਿਦੇਸ਼ ’ਚੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਇਆ ਸੀ ਮੁੰਡਾ, ਚੋਰ ਚੋਰੀ ਕਰਕੇ ਲੈ ਗਏ ਸਾਰਾ ਸਮਾਨ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਚੋਰਾਂ ਵੱਲੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪੁਲਸ ਪ੍ਰਸ਼ਾਸਨ ਖਾਲੀ ਹੱਥ ’ਤੇ ਹੱਥ ਧਰ ਕੇ ਬੈਠਾ ਹੋਇਆ ਹੈ। ਤਾਜ਼ਾ ਮਾਮਲਾ ਬੀਤੀ ਰਾਤ ਗੁਰੂਹਰਸਹਾਏ ਸ਼ਹਿਰ ਦੀ ਮੰਗੇ ਵਾਲੀ ਕਲੋਨੀ ਦੇ ਵਰਿੰਦਰ ਕੁਮਾਰ ਮਦਾਨ ਦੀ ਕੋਠੀ ਦਾ ਸਾਹਮਣੇ ਆਇਆ ਹੈ। ਜਿੱਥੋਂ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਰਿੰਦਰ ਮਦਾਨ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਨ੍ਹਾਂ ਦੀ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿਚ ਵੜ ਕੇ ਕਮਰੇ ਵਿਚ ਪਏ 2 ਲੈਪਟਾਪ, ਹੈੱਡ ਫੋਨ, 7 ਡਰਾਈ ਫਰੂਟ ਦੇ ਡੱਬੇ, 1 ਰੂਮ ਹੀਟਰ ਅਤੇ ਕੁਝ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਜਿਸ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਡਾਕਟਰ ਹੈ ਜੋ ਕਿ ਮੋਰੋਸ਼ਿਸ਼ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਥੋੜ੍ਹੇ ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ ਅਤੇ ਉਸਦਾ ਸਮਾਨ ਜੋ ਕਿ ਉੱਪਰ ਕਮਰੇ ’ਚ ਪਿਆ ਸੀ ਚੋਰ ਚੋਰੀ ਕਰਕੇ ਲੈ ਗਏ। ਉਕਤ ਨੇ ਦੱਸਿਆ ਕਿ ਉਹ ਹੇਠਾਂ ਕਮਰੇ ’ਚ ਸੁੱਤੇ ਪਏ ਸਨ। 

ਉਨ੍ਹਾਂ ਨੂੰ ਇਸ ਚੋਰੀ ਦਾ ਅੱਜ ਸਵੇਰੇ ਪਤਾ ਲੱਗਿਆ ਜਦੋਂ ਉਹ ਉਪਰ ਕਮਰੇ ਵਿਚ ਗਏ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਿਤ ਵਰਿੰਦਰ ਕੁਮਾਰ ਨੇ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਚੋਰ ਨੂੰ ਫੜ ਕੇ ਉਸ ਤੋਂ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ ਅਤੇ ਚੋਰਾਂ ਖਿਲਾਫ ਕਾਰਵਾਈ ਕੀਤੀ ਜਾਵੇ।


author

Gurminder Singh

Content Editor

Related News