ਬੰਦ ਪਈ ਫੈਕਟਰੀ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਿਹਨਤ-ਮਜ਼ਦੂਰੀ ਕਰਕੇ ਚਲਾਉਂਦਾ ਸੀ ਗੁਜ਼ਾਰਾ

Tuesday, Mar 10, 2026 - 01:36 PM (IST)

ਬੰਦ ਪਈ ਫੈਕਟਰੀ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਿਹਨਤ-ਮਜ਼ਦੂਰੀ ਕਰਕੇ ਚਲਾਉਂਦਾ ਸੀ ਗੁਜ਼ਾਰਾ

ਅਬੋਹਰ (ਸੁਨੀਲ ਨਾਗਪਾਲ) : ਅਬੋਹਰ ਦੇ ਕਾਲਾ ਟਿੱਬਾ ਇਲਾਕੇ ਦੇ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਦੀ ਲਾਸ਼ ਰਾਜਾਂਵਾਲੀ ਮਾਰਗ 'ਤੇ ਸਥਿਤ ਇੱਕ ਬੰਦ ਪਈ ਫੈਕਟਰੀ 'ਚ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਰਤਨ ਲਾਲ ਵਜੋਂ ਹੋਈ ਹੈ, ਜੋ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਦੱਸਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਰਤਨ ਲਾਲ ਦੇ ਪਰਿਵਾਰਕ ਹਾਲਾਤ ਬਹੁਤ ਮਾੜੇ ਸਨ। ਉਸਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਹਨ ਅਤੇ ਮਾਤਾ ਦਾ ਹੱਥ ਟੁੱਟਿਆ ਹੋਇਆ ਹੈ ਅਤੇ ਉਸ ਦਾ ਕੁੱਝ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਰਤਨ ਲਾਲ ਮਿਹਨਤ-ਮਜ਼ਦੂਰੀ ਕਰਕੇ ਪੂਰੇ ਪਰਿਵਾਰ ਦਾ ਬੋਝ ਚੁੱਕ ਰਿਹਾ ਸੀ ਪਰ ਇਨ੍ਹਾਂ ਹਾਲਾਤਾਂ ਕਾਰਨ ਉਹ ਮਾਨਸਿਕ ਦਬਾਅ ਹੇਠ ਸੀ।

ਉਹ ਬੀਤੇ ਕੱਲ੍ਹ ਦੁਪਹਿਰ ਆਪਣੇ ਮੋਟਰਸਾਈਕਲ 'ਤੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਅਤੇ ਥਾਣਾ ਸਦਰ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਅੱਜ ਜਦੋਂ ਫੈਕਟਰੀ ਦਾ ਮਾਲਕ ਉੱਥੇ ਪਹੁੰਚਿਆ ਤਾਂ ਉਸਨੇ ਲਾਸ਼ ਦੇਖ ਕੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਕੁਲਦੀਪ ਕੁਮਾਰ ਜਾਂਗੂ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਹੇਠਾਂ ਉਤਾਰਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News