ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ ''ਸਪਲੈਂਡਰ'' ਲੈ ਕੇ ਚੋਰ ਹੋਏ ਰਫੂ-ਚੱਕਰ

Tuesday, Mar 17, 2026 - 12:08 AM (IST)

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ ''ਸਪਲੈਂਡਰ'' ਲੈ ਕੇ ਚੋਰ ਹੋਏ ਰਫੂ-ਚੱਕਰ

ਲੁਧਿਆਣਾ, (ਸ਼ਿਵਮ)- ਇੱਕ ਪਾਸੇ ਪੁਲਸ ਪ੍ਰਸ਼ਾਸਨ ਰੋਜ਼ਾਨਾ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸ਼ਰੇਆਮ ਚੋਰੀ ਕਰਨ ਵਾਲੇ ਚੋਰ ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ ਮੋਟਰਸਾਈਕਲ ਦਿਨ-ਦਿਹਾੜੇ ਚੋਰੀ ਕਰਕੇ ਲੈ ਜਾ ਰਹੇ ਹਨ। ਜਿਸ ਦੀ ਮਿਸਾਲ ਅੱਜ ਲਾਡੋਵਾਲ ਵਿੱਚ ਦੇਖਣ ਨੂੰ ਮਿਲੀ, ਜਿੱਥੇ ਮੇਨ ਬਾਜ਼ਾਰ ਦੀ ਗਲੀ ਵਿੱਚ ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਗੁਰਚਰਨ ਸਿੰਘ ਦੇ ਘਰ ਦੇ ਬਾਹਰ ਖੜ੍ਹਾ ਉਨ੍ਹਾਂ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਆਪਣਾ ਸਪਲੈਂਡਰ ਮੋਟਰਸਾਈਕਲ ਖੜ੍ਹਾ ਕੀਤਾ ਸੀ, ਜਿਸ ਤੋਂ ਬਾਅਦ ਉਹ ਘਰ ਦੇ ਅੰਦਰ ਚਲੇ ਗਏ। ਕਰੀਬ 15 ਮਿੰਟ ਬਾਅਦ ਗਲੀ ਵਿੱਚ ਪੈਦਲ ਦੋ ਨੌਜਵਾਨ ਆਏ ਅਤੇ ਉਨ੍ਹਾਂ ਦੇ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਲਾਡੋਵਾਲ ਮਾਰਕੀਟ ਤੋਂ ਪੈਦਲ ਉਨ੍ਹਾਂ ਦੀ ਗਲੀ ਵਿੱਚ ਆਏ ਅਤੇ ਮਹਿਜ਼ 1 ਮਿੰਟ ਦੇ ਅੰਦਰ ਮੋਟਰਸਾਈਕਲ ਲੈ ਕੇ ਰਫੂ-ਚੱਕਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਮੋਟਰਸਾਈਕਲ ਦੇ ਉੱਪਰ 'ਪੰਜਾਬ ਪੁਲਸ' ਵੀ ਲਿਖਿਆ ਹੋਇਆ ਹੈ। ਇਸ ਸਬੰਧੀ ਥਾਣਾ ਲਾਡੋਵਾਲ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਦੋਂ ਇਸ ਮਾਮਲੇ ਬਾਰੇ ਥਾਣਾ ਲਾਡੋਵਾਲ ਦੇ ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Rakesh

Content Editor

Related News