ਬਰਨਾਲਾ ''ਚ ਅਨੋਖੀ ਚੋਰੀ! ਮੂੰਹ ਢੱਕ ਕੇ 10-12 ਚੋਰ, ਚੋਰੀ ਕਰਨ ਦੇ ਨਾਲ-ਨਾਲ ਭੰਨ੍ਹ ਗਏ ਘਰ ਦਾ ਸਾਮਾਨ

Monday, Mar 16, 2026 - 06:19 PM (IST)

ਬਰਨਾਲਾ ''ਚ ਅਨੋਖੀ ਚੋਰੀ! ਮੂੰਹ ਢੱਕ ਕੇ 10-12 ਚੋਰ, ਚੋਰੀ ਕਰਨ ਦੇ ਨਾਲ-ਨਾਲ ਭੰਨ੍ਹ ਗਏ ਘਰ ਦਾ ਸਾਮਾਨ

ਬਰਨਾਲਾ (ਪੁਨੀਤ ਮਾਨ): ਬਰਨਾਲਾ ਵਿਚ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰ ਸੋਨਾ ਤੇ ਨਕਦੀ ਚੋਰੀ ਕਰਨ ਦੇ ਨਾਲ-ਨਾਲ LED, AC, ਫਰਿੱਜ, ਪੱਖਾ, ਵਾਟਰ ਕੂਲਰ ਆਦਿ ਵੀ ਤੋੜ ਗਏ। ਘਰ ਵਿਚ ਮੌਜੂਦ ਵਿਅਕਤੀ ਨੇ ਕੋਠੇ ਤੋਂ ਛਾਲ ਮਾਰ ਕੇ ਭੱਜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਸਬੰਧੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਹਾਲਾਂਕਿ ਚੋਰ ਕੈਮਰਿਆਂ ਤੋਂ ਬਚਦੇ ਹੋਏ ਉੱਥੋਂ ਲੰਘ ਗਏ, ਪਰ ਉਨ੍ਹਾਂ ਵੱਲੋਂ ਘਰ ਵਿਚ ਕੀਤੀ ਗਈ ਭੰਨ੍ਹਤੋੜ ਦੀਆਂ ਆਵਾਜ਼ਾਂ ਜ਼ਰੂਰ ਸੁਣ ਰਹੀਆਂ ਹਨ। ਇਸ ਵਿਚ 10 ਤੋਂ 15 ਨਕਾਬਪੋਸ਼ ਚੋਰ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਹਾਲਾਂਕਿ ਇਸ ਗੱਲ ਤੋਂ ਹਰ ਕੋਈ ਹੈਰਾਨ ਹੈ ਕਿ ਚੋਰਾਂ ਨੇ ਪੱਖਾ, ਘੜੀ, ਟੀ. ਵੀ., ਫਰਿੱਜ, ਆਰ.ਓ. ਆਦਿ ਕਿਉਂ ਤੋੜਿਆ। 

PunjabKesari

ਮਕਾਨ ਮਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਵਿਚ ਕੋਰਟ ਕੰਪਲੈਕਸ ਦੇ ਪਿਛਲੇ ਪਾਸੇ ਸਥਿਤ ਬਾਬਾ ਦੀਪ ਸਿੰਘ ਨਗਰ ਵਿਚ ਰਹਿੰਦਾ ਹੈ ਤੇ ਡੀ. ਸੀ. ਦਫ਼ਤਰ ਬਰਨਾਲਾ ਵਿਚ ਕੰਮ ਕਰਦਾ ਹੈ। ਬੀਤੀ ਰਾਤ 10-12 ਨਕਾਬਪੋਸ਼ ਚੋਰਾਂ ਦੇ ਗਿਰੋਹ ਨੇ ਘਰ ਵਿਚ ਵੜ ਕੇ ਭੰਨ੍ਹਤੋੜ ਕੀਤੀ ਤੇ ਘਰ ਦੀ ਅਲਮਾਰੀ ਤੋੜ ਕੇ ਦੋ ਤੋਲੇ ਸੋਨਾ ਤੇ 15 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ। ਚੋਰਾਂ ਨੇ ਘਰ ਦਾ ਸਾਰਾ ਸਾਮਾਨ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ। ਪਰਿਵਾਰ ਮੁਤਾਬਕ ਇਸ ਨਾਲ ਉਨ੍ਹਾਂ ਦਾ ਤਕਰੀਬਨ ਸਾਢੇ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਨ੍ਹਾਂ ਦੇ ਘਰ ਇਸੇ ਤਰ੍ਹਾਂ ਨਾਲ ਚੋਰੀ ਹੋਈ ਸੀ ਤੇ ਉਨ੍ਹਾਂ ਨੂੰ ਕੁਝ ਲੋਕਾਂ 'ਤੇ ਸ਼ੱਕ ਵੀ ਹੈ। ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਸ ਤੋਂ ਪਰਿਵਾਰ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ। 

PunjabKesari

ਇਸ ਸਬੰਧੀ ਗੱਲਬਾਤ ਕਰਦਿਆਂ ਡੀ. ਐੱਸ. ਪੀ. ਬਰਨਾਲਾ ਸਤਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੇਲ ਓਸ ਘਟਨਾ ਦੀ ਰਿਪੋਰਟ ਦਰਜ ਹੋ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੇ  ਜਾ ਰਹੇ ਹਨ। ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ  ਜਾ ਰਹੀ ਹੈ ਕਿ ਕੀ ਇਹ ਸਿਰਫ਼ ਚੋਰੀ ਸੀ ਜਾਂ ਇਸ ਪਿੱਛੇ ਕੋਈ ਪੁਰਾਣੀ ਰੰਜਿਸ਼ ਵੀ ਸਕਦੀ ਹੈ। 


author

Anmol Tagra

Content Editor

Related News