7 ਸਾਲ ਬਾਅਦ ਇਨਸਾਫ਼ : ਮੁੰਡੇ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਉਮਰਕੈਦ
Saturday, Mar 14, 2026 - 05:31 PM (IST)
ਬਠਿੰਡਾ (ਵਿਜੇ ਵਰਮਾ) : ਸੋਸ਼ਲ ਮੀਡੀਆ ‘ਤੇ ਦੋਸਤੀ ਕਰਕੇ 16 ਸਾਲਾ ਮੁੰਡੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਦੇ ਸਨਸਨੀਖੇਜ਼ ਮਾਮਲੇ 'ਚ ਕਰੀਬ 7 ਸਾਲ ਬਾਅਦ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਫ਼ੈਸਲੇ ਨਾਲ ਅਸੰਤੁਸ਼ਟ ਮ੍ਰਿਤਕ ਦੇ ਪਿਤਾ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਇਹ ਮਾਮਲਾ ਰਾਮਪੁਰਾ ਫੂਲ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਰਹਿਣ ਵਾਲੇ 16 ਸਾਲਾ ਖੁਸ਼ਾਂਤ ਗਰਗ ਉਰਫ਼ ਅਨਮੋਲ ਨਾਲ ਜੁੜਿਆ ਹੈ। ਇੰਟਰਨੈੱਟ ਮੀਡੀਆ ਰਾਹੀਂ ਉਸ ਦੀ ਦੋਸਤੀ ਲੁਧਿਆਣਾ ਨਿਵਾਸੀ ਹਰਸ਼ ਕੁਮਾਰ ਉਰਫ਼ ਗਾਂਧੀ ਅਤੇ ਕਰਾੜਵਾਲਾ ਨਿਵਾਸੀ ਜਸਪ੍ਰੀਤ ਸਿੰਘ ਉਰਫ਼ ਜੈਪੀ ਨਾਲ ਹੋ ਗਈ ਸੀ।
20 ਦਸੰਬਰ 2018 ਦੀ ਸ਼ਾਮ ਦੋਹਾਂ ਦੋਸ਼ੀਆਂ ਨੇ ਅਨਮੋਲ ਨੂੰ ਫੋਟੋ ਖਿੱਚਣ ਦੇ ਬਹਾਨੇ ਘਰ ਤੋਂ ਬੁਲਾਇਆ ਅਤੇ ਮੋਟਰਸਾਈਕਲ ‘ਤੇ ਬਿਠਾ ਕੇ ਅਣਜਾਣ ਥਾਂ ‘ਤੇ ਲੈ ਗਏ। ਦੇਰ ਸ਼ਾਮ ਤੱਕ ਘਰ ਨਾ ਆਉਣ ‘ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਤ ਕਰੀਬ 9 ਵਜੇ ਅਨਮੋਲ ਦੇ ਮੋਬਾਇਲ ਤੋਂ ਕਾਲ ਕਰਕੇ ਦੋਸ਼ੀਆਂ ਨੇ ਪਰਿਵਾਰ ਤੋਂ ਦੋ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੂਚਨਾ ਮਿਲਦੇ ਹੀ ਪੁਲਸ ਨੇ ਤਤਕਾਲੀਨ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਅਤੇ ਸੀ. ਸੀ. ਟੀ. ਵੀ. ਫੁਟੇਜ ਤੇ ਹੋਰ ਸੁਰਾਗਾਂ ਦੇ ਆਧਾਰ ‘ਤੇ ਦੋਸ਼ੀਆਂ ਦੀ ਤਲਾਸ਼ ਕੀਤੀ। ਪੁਲਸ ਨੇ ਟਰੈਪ ਲਾ ਕੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਅਗਵਾ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਨੇ ਅਨਮੋਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਫੂਲ ਰੋਡ ਸਥਿਤ ਬੀੜ ਜੰਗਲ ਵਿੱਚੋਂ ਲਾਸ਼ ਅਤੇ ਲਾਸ਼ ਵਿੱਚ ਵਰਤਿਆ ਹਥਿਆਰ ਬਰਾਮਦ ਕੀਤਾ ਗਿਆ ਸੀ। ਕਰੀਬ ਸੱਤ ਸਾਲ ਚੱਲੀ ਸੁਣਵਾਈ ਤੋਂ ਬਾਅਦ ਸੈਸ਼ਨ ਜੱਜ ਰਾਜੇਸ਼ ਕੁਮਾਰ ਦੀ ਅਦਾਲਤ ਨੇ ਐਡਵੋਕੇਟ ਹਰਪਾਲ ਸਿੰਘ ਖ਼ਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਹਰਸ਼ ਕੁਮਾਰ ਉਰਫ਼ ਗਾਂਧੀ ਨੂੰ 20 ਸਾਲ ਕੈਦ ਅਤੇ ਜਸਪ੍ਰੀਤ ਸਿੰਘ ਉਰਫ਼ ਜੈਪੀ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ।
