ਜ਼ੀਰਕਪੁਰ ''ਚ ਸਥਿਤ ਮੰਦਰ ''ਚ ਮਹੀਨੇ ਅੰਦਰ ਦੂਜੀ ਵਾਰ ਚੋਰੀ, ਦੋਸ਼ੀ ਸੀ. ਸੀ. ਟੀ. ਵੀ. ''ਚ ਕੈਦ

04/30/2022 4:21:53 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਇਲਾਕੇ 'ਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਚੋਰ ਜਿੱਥੇ ਲੋਕਾਂ ਦੇ ਘਰਾਂ, ਦੁਕਾਨਾਂ, ਮਕਾਨਾਂ ਅਤੇ ਹੋਰ ਥਾਵਾਂ 'ਤੇ ਲੱਖਾਂ ਦੇ ਸਮਾਨ 'ਤੇ ਹੱਥ ਸਾਫ਼ ਕਰ ਰਹੇ ਹਨ, ਉੱਥੇ ਹੁਣ ਧਾਰਮਿਕ ਅਸਥਾਨ ਵੀ ਨਿਸ਼ਾਨਾ ਬਣਾਏ ਜਾ ਰਹੇ ਹਨ, ਪਰ ਪੁਲਸ ਪ੍ਰਸ਼ਾਸਨ ਜੋ ਕਿ ਸਿਰਫ਼ ਮਾਮਲੇ ਦਰਜ ਕਰਨ ਤੱਕ ਸੀਮਤ ਦਿਖਾਈ ਦੇ ਰਿਹਾ ਹੈ। ਬੀਤੀ ਰਾਤ ਧਾਰਮਿਕ ਸਥਾਨ ਬਲਟਾਣਾ ਚੌਂਕੀ ਅਧੀਨ ਪੈਂਦੇ ਸੈਣੀ ਬਿਹਾਰ ਫੇਜ਼ ਨੰਬਰ 1 ਵਿੱਚ ਸਥਿਤ ਹਨੂੰਮਾਨ ਮੰਦਰ ਵਿੱਚ ਇੱਕ ਮਹੀਨੇ ਵਿੱਚ ਦੂਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਬੇਸ਼ੱਕ ਚੋਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ ਪਰ ਚੋਰੀ ਦੀਆਂ ਵੱਧਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਇਸ ਹਨੂੰਮਾਨ ਮੰਦਰ 'ਚ ਸੀ. ਸੀ. ਟੀ. ਵੀ. 'ਚ ਕੈਦ 1 ਚੋਰ ਮੰਦਰ 'ਚ ਚੋਰੀ ਦੀ ਨੀਅਤ ਨਾਲ ਨਜ਼ਰ ਆ ਰਿਹਾ ਹੈ, ਜੋ ਦਾਨਪੇਟੀ ਨੂੰ ਚੁੱਕ ਕੇ ਲਾਗਲੇ  ਖੇਤਾਂ 'ਚ ਲੈ ਗਿਆ। ਜਿੱਥੇ ਦਾਨਪੇਟੀ ਨੂੰ ਤੋੜ ਕੇ ਉਸ ਵਿਚੋਂ ਹਜ਼ਾਰਾਂ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ, ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਮੰਦਰ ਵਿਚ ਰੋਜ਼ਾਨਾ ਦੀ ਤਰ੍ਹਾਂ ਭਗਤ ਪੁੱਜੇ। ਜਦ ਦਾਨਪਾਤਰ ਵਿੱਚ ਆਪਣਾ ਯੋਗਦਾਨ ਪਾਉਣ ਲੱਗੇ ਤਾਂ ਉੱਥੋਂ ਪੇਟੀ ਗਾਇਬ ਦਿਖਾਈ ਦਿੱਤੀ, ਜਿਸ ਦੀ ਸੂਚਨਾ ਮੰਦਰ ਪ੍ਰਬੰਧਕਾਂ ਅਤੇ ਪੁਜਾਰੀ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. 'ਚ ਕੈਦ ਚੋਰ ਦੀ ਭਾਲ ਕੀਤੀ ਜਾ ਰਹੀ ਹੈ। 


Babita

Content Editor

Related News