ਪੰਜਾਬ 'ਚ ਬੇਅਦਬੀ ਦੀ ਘਟਨਾ! ਖਾਲੀ ਪਲਾਟ 'ਚੋਂ ਕਰੇਟ 'ਚ ਪਏ ਮਿਲੇ ਗੁਟਕਾ ਸਾਹਿਬ ਦੇ ਸਰੂਪ
Thursday, Mar 12, 2026 - 07:29 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ, ਜਗਤਾਰ)- ਸਥਾਨਕ ਸ਼ਹਿਰ ਦੀ ਨਵੀਂ ਅਨਾਜ ਮੰਡੀ ਨੇੜੇ ਇੱਕ ਸੁਨਸਾਨ ਖਾਲੀ ਪਲਾਟ ਵਿੱਚ ਗੁਟਕਾ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਨਾਜ ਮੰਡੀ ਨੇੜੇ ਸ਼ਹੀਦ ਜੋਧ ਸਿੰਘ ਰੋਡ ਦੀ ਗਲੀ ਨੰਬਰ-6 ਦੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਕਰੇਟ ਵਿੱਚ ਗੁਟਕਾ ਸਾਹਿਬ ਦੇ 6 ਸਰੂਪ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਕੁੱਝ ਗੁਟਕਾ ਸਾਹਿਬ ਬ੍ਰਿਧ ਅਵਸਥਾ ਵਿੱਚ ਸਨ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਗੁਟਕਾ ਸਾਹਿਬ ਦੇ ਸਾਰੇ ਸਰੂਪ ਮਰਿਆਦਾ ਸਾਹਿਤ ਸਥਾਨਕ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਰਖਵਾਏ ਗਏ। ਇਸ ਸਬੰਧ ਵਿੱਚ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋਂ-ਤੇਰ੍ਹਵੀਂ! ਥਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼

ਘਟਨਾ ਦੀ ਸੂਚਨਾ ਮਿਲਣ 'ਤੇ ਡਾ.ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ, ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ, ਇੰਸ.ਚਮਕੌਰ ਸਿੰਘ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਸਮੇਤ ਪੁਲਸ ਪਾਰਟੀ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸੇ ਵਿਅਕਤੀ ਨੇ ਨਵੀਂ ਅਨਾਜ ਮੰਡੀ ਨੇੜੇ ਖਾਲੀ ਪਲਾਟ ਵਿੱਚ ਇੱਕ ਕਰੇਟ ਵਿੱਚ ਗੁਟਕਾ ਸਾਹਿਬ ਦੇ ਸਰੂਪ ਪਏ ਹੋਏ ਵੇਖੇ ਤਾਂ ਉਸਨੇ ਇਸਦੀ ਸੂਚਨਾ ਤੁਰੰਤ ਗੁਰਦੁਆਰਾ ਚੁੱਲਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੀ। ਸੂਚਨਾ ਮਿਲਣ 'ਤੇ ਗੁਰਦੁਆਰਾ ਚੁੱਲਾ ਸਾਹਿਬ ਦੇ ਜਗਜੀਤ ਸਿੰਘ, ਬਾਬਾ ਲਖਵੀਰ ਸਿੰਘ ਗੁਰਦੁਆਰਾ ਕਿਲਾ ਸਾਹਿਬ ਪਾਤਸ਼ਾਹੀ ਦਸਵੀਂ, ਖੁਸ਼ਕਰਨ ਸਿੰਘ ਭਾਣਾ, ਗੁਰਪ੍ਰੀਤ ਸਿੰਘ ਪੰਜਗਰਾਈ, ਹਰਪ੍ਰੀਤ ਸਿੰਘ ਹੈਪੀ ਖਾਲਸਾ ਕੋਟਕਪੂਰਾ, ਗੁਰਪ੍ਰੀਤ ਸਿੰਘ ਪੰਜਗਰਾਈ, ਜਗਸੀਰ ਸਿੰਘ ਪੰਜਗਰਾਈ ਅਤੇ ਸ਼ੇਰ ਸਿੰਘ ਖਾਲਸਾ ਕੋਟਕਪੂਰਾ ਤੁਰੰਤ ਮੌਕੇ 'ਤੇ ਪੁੱਜੇ ਅਤੇ ਹਾਲਾਤ ਜਾ ਜਾਇਜਾ ਲੈਣ ਤੋਂ ਬਾਅਦ ਇਸਦੀ ਸੂਚਨਾ ਕੋਟਕਪੂਰਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਅਤੇ ਇੰਸ.ਚਮਕੌਰ ਸਿੰਘ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪੁੱਜੇ। 
ਇਹ ਵੀ ਪੜ੍ਹੋ: ਪੰਜਾਬ 'ਚ 18 ਮਾਰਚ ਤੇ 1 ਅਪ੍ਰੈਲ ਨੂੰ ਲੈ ਕੇ ਹੋਇਆ ਵੱਡਾ ਐਲਾਨ
ਪੁਲਸ ਪਾਰਟੀ ਵੱਲੋਂ ਮੌਕੇ 'ਤੇ ਹਾਜਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਟਕਾ ਸਾਹਿਬ ਦੇ ਸਰੂਪਾਂ ਨੂੰ ਪੂਰਨ ਮਰਿਆਦਾ ਨਾਲ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਭੇਜ ਦਿੱਤਾ ਗਿਆ। ਇਸ ਮੌਕੇ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜੇਕਰ ਕੋਈ ਲਾਪਰਵਾਹੀ ਹੋਈ ਹੈ ਜਾਂ ਕੋਈ ਸ਼ਰਾਰਤ ਹੋਈ ਹੈ ਤਾਂ ਪਹਿਲ ਦੇ ਆਧਾਰ 'ਤੇ ਇਸਦੀ ਜਾਂਚ ਕਰਦੇ ਹੋਏ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਪੁਰਾਤਨ ਜਾਂ ਬ੍ਰਿਧ ਸਰੂਪ ਹਨ ਤਾਂ ਉਨ੍ਹਾਂ ਨੂੰ ਪੂਰਨ ਮਰਿਆਦਾ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਜਮਾ ਕਰਵਾਇਆ ਜਾਵੇ। 
ਇਸ ਸਬੰਧ ਵਿੱਚ ਬਾਬਾ ਲਖਵੀਰ ਸਿੰਘ ਕੋਟਕਪੂਰਾ ਨੇ ਐਸ.ਐਸ.ਪੀ. ਡਾ.ਪ੍ਰਗਿਆ ਜੈਨ, ਡੀ.ਐਸ.ਪੀ. ਸੰਜੀਵ ਕੁਮਾਰ ਅਤੇ ਇੰਸ.ਚਮਕੌਰ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਲਾਪਰਵਾਹੀ ਹੈ ਜਾਂ ਇਹ ਕਿਸੇ ਨੇ ਜਾਣਬੁੱਝ ਕੇ ਕੀਤਾ ਹੈ, ਇਹ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਮਾਮਲੇ ਸਬੰਧੀ ਪੂਰੀ ਤਰ੍ਹਾਂ ਸ਼ਾਂਤੀ ਬਨਾਈ ਰੱਖਣ ਦੀ ਵੀ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਪੁਲਸ ਪ੍ਰਸ਼ਾਸ਼ਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਅਤੇ ਪੂਰੀ ਸੰਜੀਦਗੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਐਲਾਨਿਆ ਇਕ ਹੋਰ ਉਮੀਦਵਾਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
